ਨਵੀਂ ਦਿੱਲੀ (ਪੀਟੀਆਈ) : ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਨੇ ਬੁੱਧਵਾਰ ਨੂੰ ਦੱਸਿਆ ਕਿ ਦੇਸ਼ 'ਚ ਕੋਵਿਡ-19 ਨਾਲ 99 ਡਾਕਟਰਾਂ ਦੀ ਮੌਤ ਹੋਈ ਹੈ ਜਿਨ੍ਹਾਂ ਵਿਚੋਂ ਜ਼ਿਆਦਾਤਰ ਜਨਰਲ ਪ੍ਰੈਕਟੀਸ਼ਨਰ ਹਨ। ਐਸੋਸੀਏਸ਼ਨ ਨੇ ਡਾਕਟਰਾਂ ਤੇ ਮੈਡੀਕਲ ਐਡਮਨਿਸਟ੍ਰੇਸ਼ਨ ਲਈ ਰੈੱਡ ਅਲਰਟ ਜਾਰੀ ਕਰ ਕੇ ਉਨ੍ਹਾਂ ਨੂੰ ਆਪਣੀ ਸੁਰੱਖਿਆ ਵਧਾਉਣ ਲਈ ਕਿਹਾ ਹੈ।

ਆਈਐੱਮਏ ਦੇ ਨੈਸ਼ਨਲ ਰਜਿਸਟਰੀ ਡਾਟੇ ਮੁਤਾਬਕ, ਕੋਵਿਡ-19 ਨਾਲ ਕੁਲ 1,302 ਡਾਕਟਰ ਇਨਫੈਕਟਿਡ ਹੋਏ ਜਿਨ੍ਹਾਂ 'ਚ 99 ਦੀ ਇਸ ਬਿਮਾਰੀ ਨਾਲ ਮੌਤ ਹੋ ਗਈ। ਇਨ੍ਹਾਂ ਵਿਚੋਂ 73 ਡਾਕਟਰ 50 ਸਾਲ ਤੋਂ ਜ਼ਿਆਦਾ ਉਮਰ, 19 ਡਾਕਟਰ 35 ਤੋਂ 50 ਸਾਲ ਉਮਰ ਵਰਗ ਦੇ ਸੱਤ ਡਾਕਟਰ 35 ਸਾਲ ਤੋਂ ਘੱਟ ਉਮਰ ਦੇ ਸਨ। ਆਈਐੱਮਏ ਦਾ ਕਹਿਣਾ ਹੈ ਕਿ ਜੇ ਕੋਵਿਡ-19 ਨਾਲ ਮੌਤ ਦੀ ਦਰ ਕਮੀ ਲਿਆਉਣੀ ਹੈ ਤਾਂ ਇਸ ਨੂੰ ਡਾਕਟਰਾਂ ਤੇ ਹਸਪਤਾਲਾਂ 'ਚ ਸ਼ੁਰੂ ਕਰਨਾ ਪਵੇਗਾ। ਲਿਹਾਜ਼ਾ ਸਰਬੋਤਮ ਵਿਗਿਆਨਿਕ ਪ੍ਰਣਾਲੀਆਂ ਨੂੰ ਅਪਣਾਉਣ 'ਚ ਆਈਐੱਮਏ ਡਾਕਟਰਾਂ ਦੀ ਅਗਵਾਈ ਦੀ ਮਜ਼ਬੂਤੀ ਨਾਲ ਵਕਾਲਤ ਕਰਦਾ ਹੈ। ਇਸ 'ਚ ਹਸਪਤਾਲਾਂ ਦੀਆਂ ਸਾਰੀਆਂ ਪ੍ਰਸ਼ਾਸਨਿਕ ਵਿਵਸਥਾਵਾਂ ਦੀ ਡੂੰਘੀ ਸਮੀਖਿਆ ਤੇ ਉਨ੍ਹਾਂ ਨੂੰ ਅਪਡੇਟ ਕਰਨ ਦੀ ਜ਼ਰੂਰਤ ਹੈ ਜਿਸ 'ਚ ਇਨਫੈਕਸ਼ਨ ਕੰਟਰੋਲ ਪ੍ਰਰੋਟੋਕਾਲ ਸ਼ਾਮਲ ਹੈ। ਡਾਕਟਰਾਂ, ਨਰਸਾਂ ਤੇ ਹੋਰ ਮੁਲਾਜ਼ਮਾਂ ਦੀ ਸੁਰੱਖਿਆ 'ਚ ਕਿਸੇ ਤਰ੍ਹਾਂ ਦੀ ਖਾਮੀ ਨੂੰ ਦੂਰ ਕਰਨਾ ਪਵੇਗਾ। ਆਈਐੱਮਏ ਦੇ ਰਾਸ਼ਟਰੀ ਪ੍ਰਧਾਨ ਡਾ. ਰੰਜਨ ਸ਼ਰਮਾ ਨੇ ਕਿਹਾ ਕਿ ਮਹਾਮਾਰੀ 'ਚੋਂ ਨਿਕਲਣ 'ਚ ਦੇਸ਼ ਨੂੰ ਅਗਵਾਈ ਪ੍ਰਦਾਨ ਕਰਨ ਲਈ ਮੈਡੀਕਲ ਪੇਸ਼ਾ ਉਮੀਦ ਦੀ ਕਿਰਨ ਬਣਿਆ ਹੋਇਆ ਹੈ। ਅਜਿਹੇ 'ਚ ਕੋਵਿਡ-19 ਨਾਲ ਡਾਕਟਰਾਂ ਦੀ ਮੌਤ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਲਿਹਾਜ਼ਾ ਸੰਸਥਾਨਾਂ 'ਚ ਫ਼ੈਸਲੇ ਲੈਣ ਵਾਲੇ ਸੀਨੀਅਰ ਡਾਕਟਰਾਂ 'ਤੇ ਆਪਣੀ ਟੀਮ ਦੀ ਦੇਖਭਾਲ ਦੀ ਜ਼ਿਆਦਾ ਜ਼ਿੰਮੇਵਾਰੀ ਹੈ।