ਸਟੇਟ ਬਿਊਰੋ, ਜੰਮੂ : ਅੱਤਵਾਦੀ ਫੰਡਿੰਗ ਮਾਮਲੇ ਵਿਚ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਗਿ੍ਫ਼ਤਾਰ ਕੀਤੇ ਗਏ ਪੀਡੀਪੀ ਨੇਤਾ ਦੇ ਘਰ ਪੁਲਵਾਮਾ ਜਾਣ ਦੀ ਇਜਾਜ਼ਤ ਨਾ ਮਿਲਣ ਤੋਂ ਨਿਰਾਸ਼ ਪਾਰਟੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਫਿਰ ਤੋਂ ਘਰ ਵਿਚ ਨਜ਼ਰਬੰਦ ਕਰ ਦਿੱਤਾ ਹੈ। ਇੰਟਰਨੈੱਟ ਮੀਡੀਆ 'ਤੇ ਉਨ੍ਹਾਂ ਕਿਹਾ ਕਿ ਬੇਟੀ ਇਲਤਿਜਾ ਨੂੰ ਵੀ ਨਜ਼ਰਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਘਰ ਤੋਂ ਬਾਹਰ ਜਾਣ ਤੋਂ ਰੋਕਿਆ ਗਿਆ ਹੈ। ਮੀਡੀਆ ਨੂੰ ਮਿਲਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਗਈ। ਉਥੇ, ਪੁਲਿਸ ਪ੍ਰਸ਼ਾਸਨ ਨੇ ਮਹਿਬੂਬਾ ਦੀ ਨਜ਼ਰਬੰਦੀ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਸਿਰਫ਼ ਸੁਰੱਖਿਆ ਕਾਰਨਾਂ ਨਾਲ ਉਨ੍ਹਾਂ ਤੋਂ ਪੁਲਵਾਮਾ ਦੌਰਾ ਮੁਲਤਵੀ ਕਰਨ ਲਈ ਅਪੀਲ ਕੀਤੀ ਗਈ ਹੈ। ਉਹ ਨਜ਼ਰਬੰਦ ਨਹੀਂ ਹੈ।

ਐੱਨਆਈਏ ਨੇ ਬੀਤੇ ਬੁੱਧਵਾਰ ਨੂੰ ਹੀ ਪੀਡੀਪੀ ਦੀ ਯੁਵਾ ਇਕਾਈ ਦੇ ਪ੍ਰਧਾਨ ਵਾਹਿਦ-ਉਰ-ਰਹਿਮਾਨ ਪਾਰਾ ਨੂੰ ਅੱਤਵਾਦੀ ਫੰਡਿੰਗ ਮਾਮਲੇ ਵਿਚ ਗਿ੍ਫ਼ਤਾਰ ਕੀਤਾ ਹੈ। ਉਨ੍ਹਾਂ ਦੀ ਗਿ੍ਫ਼ਤਾਰੀ ਮੁਅੱਤਲ ਡੀਐੱਸਪੀ ਦਵਿੰਦਰ ਸਿੰਘ ਅਤੇ ਹਿਜ਼ਬੁਲ ਮੁਜਾਹਦੀਨ ਦੇ ਅੱਤਵਾਦੀ ਨਵੀਦ ਬਾਬੂ ਨਾਲ ਸਬੰਧਤ ਮਾਮਲੇ ਵਿਚ ਕੀਤੀ ਗਈ ਹੈ। ਇਸ 'ਤੇ ਵੀ ਮਹਿਬੂਬਾ ਨੇ ਦਾਅਵਾ ਕੀਤਾ ਹੈ ਕਿ ਪਾਰਾ ਨੂੰ ਜ਼ਿਲ੍ਹਾ ਵਿਕਾਸ ਪ੍ਰਰੀਸ਼ਦ ਦੀਆਂ ਚੋਣਾਂ ਵਿਚ ਹਿੱਸਾ ਲੈਣ ਤੋਂ ਰੋਕਣ ਲਈ ਫਸਾਇਆ ਜਾ ਰਿਹਾ ਹੈ। ਇਸੇ ਮਾਮਲੇ ਵਿਚ ਮਹਿਬੂਬਾ ਸ਼ੁੱਕਰਵਾਰ ਨੂੰ ਪਾਰਾ ਦੇ ਪਰਿਵਾਰ ਵਾਲਿਆਂ ਨੂੰ ਮਿਲਣ ਲਈ ਪੁਲਵਾਮਾ ਜਾ ਰਹੀ ਸੀ, ਪਰ ਸੁਰੱਖਿਆ ਕਾਰਨਾਂ ਨਾਲ ਪੁਲਿਸ ਨੇ ਉਨ੍ਹਾਂ ਨੂੰ ਬਾਹਰ ਜਾਣ ਤੋਂ ਰੋਕ ਦਿੱਤਾ।

ਦੋ ਦਿਨ ਤੋਂ ਘਰ 'ਚ ਨਜ਼ਰਬੰਦ ਰੱਖਣ ਦਾ ਕੀਤਾ ਦਾਅਵਾ

ਉਨ੍ਹਾਂ ਲਿਖਿਆ ਕਿ ਉਨ੍ਹਾਂ ਨੂੰ ਘਰ ਵਿਚ ਫਿਰ ਨਜ਼ਰਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਘਰ ਤੋਂ ਬਾਹਰ ਪੁਲਿਸ ਦੀ ਤਾਇਨਾਤੀ ਹੋ ਗਈ ਹੈ। ਬੇਟੀ ਇਲਤਿਜਾ ਮੁਫ਼ਤੀ ਵੀ ਨਜ਼ਰਬੰਦ ਹੈ। ਉਨ੍ਹਾਂ ਦੋਸ਼ ਲਾਇਆ ਕਿ ਜੰਮੂ-ਕਸ਼ਮੀਰ ਪ੍ਰਸ਼ਾਸਨ ਭਾਜਪਾ ਦੇ ਮੰਤਰੀਆਂ ਤੇ ਉਨ੍ਹਾਂ ਦੇ ਇਸ਼ਾਰਿਆਂ 'ਤੇ ਕੰਮ ਕਰਨ ਵਾਲਿਆਂ ਨੂੰ ਕਸ਼ਮੀਰ ਵਿਚ ਹਰ ਥਾਂ ਜਾਣ ਦੀ ਇਜਾਜ਼ਤ ਦੇ ਰਹੀ ਹੈ ਪਰ ਉਨ੍ਹਾਂ ਨੂੰ ਤੇ ਉਨ੍ਹਾਂ ਦੀ ਬੇਟੀ ਇਲਤਿਜਾ ਮੁਫ਼ਤੀ ਨੂੰ ਪਾਰਟੀ ਨੇਤਾ ਵਾਹਿਦ ਪਾਰਾ ਦੇ ਘਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਮਹਿਬੂਬਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਦੋ ਦਿਨਾਂ ਤੋਂ ਘਰ ਵਿਚ ਨਜ਼ਰਬੰਦ ਰੱਖਿਆ ਗਿਆ ਹੈ।