ਨੀਲੂ ਰੰਜਨ, ਨਲਬਾੜੀ (ਅਸਾਮ) : ਅਸਾਮ ਵਿਚ ਦੁਬਾਰਾ ਸੱਤਾ ਵਾਪਸੀ ਲਈ ਕਮਰ ਕੱਸ ਰਹੀ ਭਾਜਪਾ, ਮਾਰਚ ਮਹੀਨੇ ਵਿਚ ਹੋਣ ਵਾਲੀ ਚੋਣ ਦੇ ਐਲਾਨ ਤੋਂ ਪਹਿਲੇ ਕੇਂਦਰੀ ਲੀਡਰਸ਼ਿਪ ਦੀਆਂ ਸੱਤ-ਅੱਠ ਰੈਲੀਆਂ ਕਰ ਕੇ ਦਿਸ਼ਾ ਤੈਅ ਕਰ ਲੈਣਾ ਚਾਹੁੰਦੀ ਹੈ। ਐਤਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਨਾਲ ਇਸ ਦੀ ਸ਼ੁਰੂਆਤ ਹੋ ਗਈ।

ਇਸ ਵਾਰ ਚੋਣ ਵਿਚ ਭਾਜਪਾ ਵੱਖਵਾਦ ਨਾਲ ਲੰਬੇ ਸਮੇਂ ਤਕ ਗ੍ਸਤ ਰਹੇ ਅਸਾਮ ਵਿਚ ਪਿਛਲੇ ਪੰਜ ਸਾਲ ਵਿਚ ਹੋਈ ਸ਼ਾਂਤੀ ਬਹਾਲੀ ਅਤੇ ਵਿਕਾਸ ਕੰਮਾਂ ਦੇ ਨਾਲ-ਨਾਲ ਨਾਜਾਇਜ਼ ਬੰਗਲਾਦੇਸ਼ੀ ਘੁਸਪੈਠ ਨੂੰ ਮੁੱਦਾ ਬਣਾਏਗੀ। ਸ਼ਾਹ ਨੇ ਇਸ ਦੇ ਸਾਫ਼ ਸੰਕੇਤ ਦਿੰਦੇ ਹੋਏ ਕਿਹਾ ਕਿ ਕਾਂਗਰਸ ਅਤੇ ਬਦਰੂਦੀਨ ਅਜ਼ਮਲ ਜੇ ਸੱਤਾ ਵਿਚ ਆਏ ਤਾਂ ਬੰਗਲਾਦੇਸ਼ੀ ਘੁਸਪੈਠੀਆਂ ਲਈ ਅਸਾਮ ਦੇ ਦਰਵਾਜ਼ੇ ਖੋਲ੍ਹ ਦੇਣਗੇ।

ਆਗਾਮੀ ਵਿਧਾਨ ਸਭਾ ਚੋਣ ਦੇ ਮੁੱਦੇ ਵੱਲ ਇਸ਼ਾਰਾ ਕਰਦੇ ਹੋਏ ਸ਼ਾਹ ਨੇ ਲੋਕਾਂ ਨੂੰ ਬੰਗਲਾਦੇਸ਼ੀ ਘੁਸਪੈਠੀਆਂ ਦੀ ਸਮੱਸਿਆ ਪ੍ਰਤੀ ਆਗਾਹ ਕੀਤਾ। ਉਸ ਅਨੁਸਾਰ ਘੁਸਪੈਠੀਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਵਾਪਸ ਭੇਜਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸ ਲਈ ਕੇਂਦਰ ਅਤੇ ਅਸਾਮ ਦੋਵਾਂ ਥਾਵਾਂ 'ਤੇ ਭਾਜਪਾ ਦਾ ਸੱਤਾ ਵਿਚ ਰਹਿਣਾ ਜ਼ਰੂਰੀ ਹੈ।

ਦੱਸਣਯੋਗ ਹੈ ਕਿ ਕਾਂਗਰਸ ਨੇ ਅਸਾਮ ਵਿਚ ਬਦਰੂਦੀਨ ਅਜ਼ਮਲ ਦੀ ਆਲ ਇੰਡੀਆ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ ਨਾਲ ਸਮਝੌਤਾ ਕਰਨ ਦਾ ਐਲਾਨ ਕੀਤਾ ਹੈ। ਲਗਪਗ 33 ਫ਼ੀਸਦੀ ਮੁਸਲਿਮ ਆਬਾਦੀ ਵਾਲੇ ਅਸਾਮ ਦੀ ਚੋਣ ਵਿਚ ਇਹ ਅਹਿਮ ਸਾਬਿਤ ਹੋ ਸਕਦਾ ਹੈ। ਜ਼ਾਹਿਰ ਹੈ ਇਸ ਨੂੰ ਦੇਖਦੇ ਹੋਏ ਭਾਜਪਾ ਵੀ ਹਿੰਦੂ ਵੋਟਰਾਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕਰੇਗੀ। ਇਹ ਵੀ ਯਾਦ ਰਹੇ ਕਿ ਅਸਾਮ ਐੱਨਆਰਸੀ ਦਾ ਕੇਂਦਰ ਬਿੰਦੂ ਸੀ।

ਸ਼ਨਿਚਰਵਾਰ ਨੂੰ ਸ਼ਿਵਸਾਗਰ ਜ਼ਿਲ੍ਹੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਕ ਲੱਖ ਭੂਮੀਹੀਣਾਂ ਨੂੰ ਪਟਾ ਵੰਡ ਦੇ ਅਗਲੇ ਹੀ ਦਿਨ ਐਤਵਾਰ ਨੂੰ ਅਮਿਤ ਸ਼ਾਹ ਨੇ ਦੋ ਰੈਲੀਆਂ ਨੂੰ ਸੰਬੋਧਨ ਕੀਤਾ। ਪਹਿਲੀ ਰੈਲੀ ਕੋਕਰਾਝਾਰ 'ਚ ਬੋਡੋ ਸਮਝੌਤੇ ਦੇ ਇਕ ਸਾਲ ਪੂਰਾ ਹੋਣ ਦੇ ਮੌਕੇ 'ਤੇ ਸੀ ਅਤੇ ਗ੍ਰਹਿ ਮੰਤਰੀ ਦੇ ਰੂਪ ਵਿਚ ਸ਼ਾਹ ਉਸ ਵਿਚ ਸ਼ਾਮਲ ਹੋਏ। ਦੂਜੀ ਰੈਲੀ ਪੂਰੀ ਰਾਜਨੀਤਕ ਸੀ ਜਿਸ ਨੂੰ ਅਸਾਮ ਦੀ ਭਾਜਪਾ ਪਾਰਟੀ ਨੇ ਕਰਾਇਆ ਸੀ। ਸ਼ਾਹ ਨੇ ਦੂਜੀ ਰੈਲੀ ਵਿਚ ਕਿਹਾ ਕਿ ਜੇ ਭਾਜਪਾ ਮੁੜ ਸੱਤਾ ਵਿਚ ਆਈ ਤਾਂ ਅਗਲੇ ਪੰਜ ਸਾਲਾਂ ਵਿਚ ਅਸਾਮ ਨੂੰ ਹੜ੍ਹ ਮੁਕਤ ਬਣਾ ਦਿੱਤਾ ਜਾਵੇਗਾ।