ਸਟਾਫ ਰਿਪੋਰਟਰ, ਨਵੀਂ ਦਿੱਲੀ : ਖੇਤੀ ਸੁਧਾਰ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਲੰਬੀ ਜਦੋਜਹਿਦ ਪਿੱਛੋਂ ਆਖ਼ਰ ਪੁਲਿਸ ਨੇ ਕੁਝ ਸ਼ਰਤਾਂ ਨਾਲ ਗਣਤੰਤਰ ਦਿਵਸ 'ਤੇ ਟਰੈਕਟਰ ਪਰੇਡ ਕੱਢਣ ਦੀ ਇਜਾਜ਼ਤ ਦੇ ਦਿੱਤੀ। 26 ਜਨਵਰੀ ਨੂੰ ਗਣਤੰਤਰ ਦਿਵਸ ਪਰੇਡ ਕੱਢਣ ਦੀ ਇਜਾਜ਼ਤ ਦੇ ਦਿੱਤੀ। 26 ਜਨਵਰੀ ਨੂੰ ਗਣਤੰਤਰ ਦਿਵਸ ਪਰੇਡ ਖ਼ਤਮ ਹੋਣ ਤੋਂ ਬਾਅਦ ਕਿਸਾਨ ਤੈਅ ਰੂਟਾਂ 'ਤੇ ਟਰੈਕਟਰ ਪਰੇਡ ਕੱਢ ਸਕਣਗੇ।

ਕਿਸਾਨਾਂ ਨੂੰ ਤਿੰਨ ਰੂਟਾਂ ਸਿੰਘੂ, ਟਿਕਰੀ ਤੇ ਗਾਜ਼ੀਪੁਰ ਬੈਰੀਅਰ 'ਤੇ ਪਰੇਡ ਕੱਢਣ ਦੀ ਇਜਾਜ਼ਤ ਦਿੱਤੀ ਗਈ ਹੈ। ਪਰੇਡ ਵਿਚ ਗੜਬੜ ਫੈਲਾਉਣ ਦੀ ਪਾਕਿਸਤਾਨ ਦੀ ਸਾਜ਼ਿਸ਼ ਵੀ ਸਾਹਮਣੇ ਆਈ ਹੈ। ਇਸ ਲਈ ਗੁਆਂਢੀ ਮੁਲਕ ਇੰਟਰਨੈੱਟ ਮੀਡੀਆ ਦਾ ਸਹਾਰਾ ਲੈ ਰਿਹਾ ਹੈ। ਉਸ ਨੇ 308 ਟਵਿਟਰ ਹੈਂਡਲ ਬਣਾਏ ਹਨ ਜਿਨ੍ਹਾਂ ਦੀ ਜਾਣਕਾਰੀ ਇੰਟੈਲੀਜੈਂਸ ਨੂੰ ਮਿਲ ਗਈ ਹੈ। ਲਿਹਾਜ਼ਾ ਸੁਰੱਖਿਆ ਦੇ ਬੇਹੱਦ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ।

ਵਿਸ਼ੇਸ਼ ਕਮਿਸ਼ਨਰ ਇੰਟੈਲੀਜੈਂਸ ਦੀਪੇਂਦਰ ਪਾਠਕ ਨੇ ਐਤਵਾਰ ਸ਼ਾਮ ਪੁਲਿਸ ਹੈੱਡਕੁਆਰਟਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਿੰਘੂ ਬੈਰੀਅਰ 'ਤੇ 62 ਕਿੱਲੋਮੀਟਰ, ਗਾਜ਼ੀਪੁਰ ਬੈਰੀਅਰ 'ਤੇ 46 ਕਿੱਲੋਮੀਟਰ ਤੇ ਟਿਕਰੀ ਬੈਰੀਅਰ 'ਤੇ 63 ਕਿੱਲੋਮੀਟਰ ਦੇ ਦਾਇਰੇ ਵਿਚ ਪਰੇਡ ਕੱਢਣ ਦੀ ਇਜਾਜ਼ਤ ਦਿੱਤੀ ਗਈ ਹੈ। ਤਿੰਨਾਂ ਬੈਰੀਅਰਾਂ ਤੋਂ ਪਰੇਡ 100 ਕਿੱਲੋਮੀਟਰ ਤੋਂ ਜ਼ਿਆਦਾ ਦਾ ਰੂਟ ਦਿੱਲੀ ਵਿਚ ਹੋਵੇਗਾ। ਉਕਤ ਇਲਾਕੇ ਦਿੱਲੀ ਦੀ ਹੱਦ ਨਾਲ ਲੱਗਦੇ ਹਨ। ਪਾਠਕ ਨੇ ਕਿਹਾ ਕਿ ਪਰੇਡ ਦੇ ਰੂਟਾਂ ਨੂੰ ਲੈ ਕੇ ਪੰਜ-ਛੇ ਵਾਰ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਹੋਈ।

ਉਸ ਤੋਂ ਬਾਅਦ ਤਿੰਨ ਰੂਟਾਂ 'ਤੇ ਪਰੇਡ ਦੀ ਇਜਾਜ਼ਤ ਦਿੱਤੀ ਗਈ। ਪਰੇਡ ਦੌਰਾਨ ਚੱਪੇ-ਚੱਪੇ 'ਤੇ ਪੁਲਿਸ ਦੀ ਤਾਇਨਾਤੀ ਰਹੇਗੀ ਤਾਂ ਜੋ ਸ਼ਾਂਤੀ ਵਿਵਸਥਾ ਬਣੀ ਰਹੇ। ਪੁਲਿਸ ਨੇ ਕਿਸਾਨ ਆਗੂਆਂ ਤੋਂ ਲਿਖਤੀ ਭਰੋਸਾ ਵੀ ਲਿਆ ਹੈ ਕਿ ਉਹ ਸ਼ਰਤਾਂ ਦੀ ਉਲੰਘਣਾ ਨਹੀਂ ਕਰਨਗੇ ਤੇ ਅਨੁਸ਼ਾਸਤ ਤਰੀਕੇ ਨਾਲ ਤੈਅ ਰੂਟਾਂ 'ਤੇ ਟਰੈਕਟਰ ਪਰੇਡ ਕੱਢਣਗੇ।

ਟਰੈਕਟਰ ਮਾਲਕਾਂ ਦੀ ਜਾਣਕਾਰੀ ਰੱਖੇਗੀ ਪੁਲਿਸ

ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਪਰੇਡ ਵਿਚ ਸ਼ਾਮਲ ਹੋਣ ਵਾਲੇ ਹਰੇਕ ਟਰੈਕਟਰ ਮਾਲਕ ਤੇ ਟਰੈਕਟਰ ਦੀ ਜਾਣਕਾਰੀ ਪੁਲਿਸ ਆਪਣੇ ਕੋਲ ਰੱਖੇਗੀ।

ਦਿੱਲੀ 'ਚ ਹਾਈ ਅਲਰਟ

ਪਰੇਡ ਵਿਚ ਗੜਬੜ ਫੈਲਾਉਣ ਦੀ ਪਾਕਿਸਤਾਨ ਦੀ ਸਾਜ਼ਿਸ਼ ਦੇ ਮੱਦੇਨਜ਼ਰ ਪੁਲਿਸ ਕਮਿਸ਼ਨਰ ਐੱਸਐੱਨ ਸ਼੍ਰੀਵਾਸਤਵ ਨੇ ਪੂਰੀ ਦਿੱਲੀ ਵਿਚ ਹਾਈ ਅਲਰਟ ਕਰ ਦਿੱਤਾ ਹੈ। ਕਿਸਾਨ ਆਗੂਆਂ ਨੇ ਪਰੇਡ ਵਿਚ ਇਕ ਲੱਖ ਤੋਂ ਜ਼ਿਆਦਾ ਟਰੈਕਟਰ ਸ਼ਾਮਲ ਹੋਣ ਦਾ ਦਾਅਵਾ ਕੀਤਾ ਹੈ। ਜ਼ਿਆਦਾਤਰ ਰੂਟਾਂ 'ਤੇ ਦਿੱਲੀ ਪੁਲਿਸ ਸੀਸੀਟੀਵੀ ਕੈਮਰੇ ਲਾਉਣ ਦੀ ਕੋਸ਼ਿਸ਼ ਕਰੇਗੀ। ਪੁਲਿਸ ਸਾਹਮਣੇ ਗਣਤੰਤਰ ਦਿਵਸ ਸਮਾਗਮ ਦੇ ਦਿਨ ਟਰੈਕਟਰ ਪਰੇਡ ਸ਼ਾਂਤੀਪੂਰਵਕ ਢੰਗ ਨਾਲ ਮੁਕੰਮਲ ਕਰਵਾਉਣ ਦੀ ਵੀ ਚੁਣੌਤੀ ਹੋਵੇਗੀ। ਇਸ ਲਈ ਸਾਰੀਆਂ ਹੱਦਾਂ 'ਤੇ ਹੁਣ ਤੋਂ ਹੀ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ।

ਜਾਰੀ ਹਹੈ ਟਰੈਕਟਰਾਂ ਦੇ ਪੁੱਜਣ ਦਾ ਸਿਲਸਿਲਾ

ਪਰੇਡ ਵਿਚ ਸ਼ਾਮਲ ਹੋਣ ਲਈ ਕਈ ਸੂਬਿਆਂ ਤੋਂ ਟੈਰਕਟਰ ਲੈ ਕੇ ਕਿਸਾਨਾਂ ਦਾ ਦਿੱਲੀ ਦੀਆਂ ਹੱਦਾਂ ਤਕ ਪੁੱਜਣ ਦਾ ਸਿਲਸਿਲਾ ਜਾਰੀ ਹੈ। ਪੁਲਿਸ ਮੁਤਾਬਕ ਟਿਕਰੀ ਬੈਰੀਅਰ 'ਤੇ ਹੁਣ ਤਕ ਕਰੀਬ ਅੱਠ ਹਜ਼ਾਰ, ਸਿੰਘੂ ਬੈਰੀਅਰ 'ਤੇ ਪੰਜ ਹਜ਼ਾਰ ਤੇ ਗਾਜ਼ੀਪੁਰ ਬੈਰੀਅਰ 'ਤੇ ਇਕ ਹਜ਼ਾਰ ਟਰੈਕਟਰ ਪੁੱਜ ਚੁੱਕੇ ਹਨ।