ਜੈਪੁਰ : ਰਾਜਸਥਾਨ 'ਚ ਸਵਾਈਨ ਫਲੂ ਨਾਲ ਮੌਤਾਂ ਦਾ ਸਿਲਸਿਲਾ ਜਾਰੀ ਹੈ। ਇੱਥੇ ਸਵਾਈਨ ਫਲੂ ਨਾਲ ਮਰਨ ਵਾਲਿਆਂ ਦੀ ਗਿਣਤੀ 85 ਤਕ ਪਹੁੰਚ ਗਈ ਹੈ। ਇਹ ਗਿਣਤੀ ਦੇਸ਼ ਵਿਚ ਸਭ ਤੋਂ ਵੱਧ ਹੈ। ਉਥੇ 2300 ਤੋਂ ਜ਼ਿਆਦਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇੱਥੇ ਐਤਵਾਰ ਨੂੰ ਵੀ ਇਕ ਦੀ ਸਵਾਈਨ ਫਲੂ ਨਾਲ ਮੌਤ ਹੋ ਗਈ। ਸਵਾਈਨ ਫਲੂ ਨਾਲ ਗੁਜਰਾਤ ਵਿਚ ਹੁਣ ਤਕ 28 ਅਤੇ ਦਿੱਲੀ ਵਿਚ 12 ਦੀ ਮੌਤ ਹੋ ਚੁੱਕੀ ਹੈ। ਹਰਿਆਣਾ ਵਿਚ ਵੀ ਸਵਾਈਨ ਫਲੂ ਨਾਲ ਮੌਤਾਂ ਦੀ ਗੱਲ ਸਾਹਮਣੇ ਆਈ ਹੈ। ਐਤਵਾਰ ਨੂੰ ਪੰਜਾਬ ਵਿਚ ਵੀ ਸਵਾਈਨ ਫਲੂ ਨਾਲ ਦੋ ਦੀ ਮੌਤ ਹੋ ਗਈ।

ਸੂਬੇ ਦੇ ਸਿਹਤ ਮੰਤਰੀ ਡਾ. ਰਘੂ ਸ਼ਰਮਾ ਨੇ ਸਬੰਧਤ ਅਧਿਕਾਰੀਆਂ ਨੂੰ ਪੂਰੀ ਤਰ੍ਹਾਂ ਨਾਲ ਮੋਨੀਟਰਿੰਗ ਕਰਨ ਲਈ ਕਿਹਾ ਹੈ। ਇਧਰ, ਮਾਦਾ ਐਨੀਫਿਲਿਜ਼ ਮੱਛਰ ਦੇ ਵੱਢਣ ਨਾਲ ਮਲੇਰੀਆ, ਏਡੀਜ਼ ਏਜਿਪਟਾਈ ਮੱਛਰ ਨਾਲ ਡੇਂਗੂ ਜਾਂ ਪਿਸੂ ਦੇ ਵੱਢਣ ਨਾਲ ਸਕ੍ਰਬ ਫਾਈਫਸ ਵਰਗੀ ਬਿਮਾਰੀ ਦੇ ਮਾਮਲੇ ਵੀ ਬੇਮੌਸਮ ਵਿਚ ਆਉਣ ਨਾਲ ਵਿਭਾਗ ਦੀ ਗੰਭੀਰ ਲਾਪਰਵਾਹੀ ਸਾਹਮਣੇ ਆ ਰਹੀ ਹੈ।

ਸਵਾਈਨ ਫਲੂ ਕਾਰਨ ਪਿਛਲੇ ਕੁਝ ਦਿਨਾਂ ਵਿਚ ਸੂਬੇ ਦੇ ਸੈਰ-ਸਪਾਟਾ ਕਾਰੋਬਾਰ 'ਤੇ ਵੀ ਅਸਰ ਦਿਖਾਈ ਦੇਣ ਲੱਗਾ ਹੈ। ਹੋਟਲ ਤੇ ਸੈਰ-ਸਪਾਟੇ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਸਵਾਈਨ ਫਲੂ ਨਾਲ ਮੌਤਾਂ ਨੂੰ ਲੈ ਕੇ ਦੇਸ਼-ਵਿਦੇਸ਼ ਵਿਚ ਰਾਜਸਥਾਨ ਦਾ ਨਕਾਰਾਤਮਕ ਅਕਸ ਬਣਿਆ ਹੈ। ਇਸ ਦਾ ਅਸਰ ਸੈਰ-ਸਪਾਟਾ ਕਾਰੋਬਾਰ 'ਤੇ ਵੀ ਹੋ ਰਿਹਾ ਹੈ। ਪ੍ਮੁੱਖ ਸੈਰ-ਸਪਾਟਾ ਸਥਾਨ ਜੈਪੁਰ, ਜੈਸਲਮੇਰ, ਉਦੈਪੁਰ ਅਤੇ ਮਾਊਂਟ ਆਬੂ ਵਿਚ ਸੈਲਾਨੀਆਂ ਦੀ ਤਾਦਾਦ ਵਿਚ ਕਮੀ ਆਈ ਹੈ।