ਨਈ ਦੁਨੀਆ, ਕਾਨਪੁਰ : ਉੱਤਰ ਪ੍ਰਦੇਸ਼ 'ਚ ਕਾਨਪੁਰ ਦੇ ਬਿਠੂਰ 'ਚ ਮਸ਼ਹੂਰ ਹਿਸਟਰੀਸ਼ੀਟਰ ਵਿਕਾਸ ਦੂਬੇ ਤੇ ਉਸ ਦੇ ਸਾਥੀਆਂ ਨੇ ਵੀਰਵਾਰ ਦੇਰ ਰਾਤ ਛਾਪਾ ਮਾਰਨ ਗਈ ਪੁਲਿਸ ਟੀਮ 'ਤੇ ਫਾਇਰਿੰਗ ਕਰ ਦਿੱਤੀ। ਘਟਨਾ 'ਚ ਸੀਓ ਤੇ ਐੱਸਓ ਸਮੇਤ 8 ਪੁਲਿਸ ਮੁਲਾਜ਼ਮ ਸ਼ਹੀਦ ਹੋ ਗਏ ਜਦਕਿ 7 ਪੁਲਿਸ ਮੁਲਾਜ਼ਮ ਜ਼ਖ਼ਮੀ ਦੱਸੇ ਜਾ ਰਹੇ ਹਨ। ਉਨ੍ਹਾਂ ਨੂੰ ਇਲਾਜ ਲਈ ਰੀਜੈਂਸੀ ਭੇਜਿਆ ਗਿਆ ਹੈ। ਕਾਨਪੁਰ ਜ਼ੋਨ ਦੇ ਅਪਰ ਪੁਲਿਸ ਡਾਇਰੈਕਟਰ ਜਨਰਲ ਜੈ ਨਾਰਾਇਣ ਸਿੰਘ ਨੇ ਘਟਨਾ ਦੀ ਪੁਸ਼ਟੀ ਕੀਤੀ। ਵਾਰਦਾਤ ਸ਼ਿਵਲੀ ਥਾਣਾ ਖੇਤਰ ਦੇ ਵਿਕਰੂ ਪਿੰਡ ਦੀ ਹੈ, ਜਿੱਥੇ ਦੇਰ ਰਾਤ ਪੁਲਿਸ ਛਾਪਾ ਮਾਰਨ ਗਈ ਸੀ।

ਗੋਲੀਬਾਰੀ 'ਚ ਜ਼ਖ਼ਮੀ ਇਕ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਅਪਰਾਧੀਆਂ ਨੇ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ। ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਉਨ੍ਹਾਂ ਨੂੰ ਪਹਿਲਾਂ ਹੀ ਇਸ ਬਾਰੇ ਭਿਣਕ ਲੱਗ ਗਈ ਸੀ। ਪੁਲਿਸ ਜਦੋਂ ਤਕ ਕੁਝ ਸਮਝਦੀ ਜਾਂ ਮੋਰਚਾ ਸੰਭਾਲਦੀ, 7 ਲੋਕਾਂ ਦੇ ਗੋਲ਼ੀ ਲੱਗਣ ਕਾਰਨ ਬਚਾਅ ਦੀ ਸਥਿਤੀ 'ਚ ਆ ਗਈ ਤੇ ਮੌਕਾ ਵੇਖ ਕੇ ਬਦਮਾਸ਼ ਮੌਕੇ ਤੋਂ ਭੱਜ ਨਿਕਲੇ। ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ ਪੁਲਿਸ ਦੇ ਹਥਿਆਰ ਵੀ ਲੁੱਟ ਕੇ ਲੈ ਗਏ। ਪੁਲਿਸ ਨੇ ਦੱਸਿਆ ਹੈ ਕਿ ਮੁਕਾਬਲੇ 'ਚ ਵਿਕਾਸ ਦੂਬੇ ਦੇ ਤਿੰਨ ਸਾਥੀਆਂ ਨੂੰ ਮਾਰ ਮੁਕਾਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਵਿਕਾਸ ਦੁਬੇ ਦੇ ਘਰ ਨੇੜੇ ਜੇਸੀਬੀ ਖੜ੍ਹੀ ਕਰ ਦਿੱਤੀ ਗਈ ਸੀ, ਤਾਂ ਜੋ ਪੁਲਿਸ ਜੀਪ ਰਾਹੀਂ ਉਸ ਦੇ ਘਰ ਤਕ ਨਾ ਪਹੁੰਚ ਸਕੇ। ਜਿਉਂ ਹੀ ਪੁਲਿਸ ਮੁਲਾਜ਼ਮ ਜੀਪ ਰਾਹੀਂ ਉਤਰ ਕੇ ਪੈਦਲ ਘਰ ਵੱਲ ਚੱਲੇ, ਛੱਤ ਤੋਂ ਗੋਲ਼ੀਬਾਰੀ ਸ਼ੁਰੂ ਹੋ ਗਈ। ਘਟਨਾ ਵਾਲੀ ਥਾਂ ਤੋਂ ਏਕੇ-47 ਦੇ ਖੋਖੇ ਬਰਾਮਦ ਹੋਏ ਹਨ। ਐੱਸਐੱਸਪੀ ਸਮੇਤ ਆਹਲਾ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਤੇ ਫੋਰੈਂਸਿਕ ਟੀਮ ਸਬੂਤ ਇਕੱਤਰ ਕਰ ਰਹੀ ਹੈ।

ਯੋਗੀ ਆਦਿਤਿਆਨਾਥ ਨੇ ਦਿੱਤੇ ਸਖ਼ਤ ਕਾਰਵਾਈ ਦੇ ਹੁਕਮ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਾਨਪੁਰ 'ਚ ਅਪਰਾਧੀਆਂ ਵੱਲੋਂ ਗੋਲ਼ੀਬਾਰੀ ਤੋਂ ਬਾਅਦ ਜਾਨ ਗਵਾਉਣ ਵਾਲੇ 8 ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਹਮਦਰਦੀ ਜ਼ਾਹਿਰ ਕੀਤੀ। ਉਨ੍ਹਾਂ ਡੀਜੀਪੀ ਐੱਚਸੀ ਅਵਸਥੀ ਨੂੰ ਅਪਰਾਥੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਹਦਾਇਤ ਦਿੱਤੀ ਹੈ ਤੇ ਘਟਨਾ ਦੀ ਰਿਪੋਰਟ ਵੀ ਮੰਗੀ ਹੈ। ਘਟਨਾ ਸਬੰਧੀ ਮੁੱਖ ਮੰਤਰੀ ਲਗਾਤਾਰ ਡੀਜੀਪੀ ਅਵਸਥੀ ਤੇ ਵਧੀਕ ਮੁੱਖ ਸਕੱਤਰ ਗ੍ਰਹਿ ਦੇ ਸੰਪਰਕ 'ਚ ਹਨ।

ਇੰਝ ਸ਼ੁਰੂ ਹੋਇਆ ਅਪਰਾਧ ਦਾ ਸਿਲਸਿਲਾ

ਖ਼ਤਰਨਾਕ ਹਿਸਟਰੀਸ਼ੀਟਰ ਵਿਕਾਸ ਦੂਬੇ ਦਾ ਨਾਂ ਸਾਲ 2000 'ਚ ਕਾਨਪੁਰ ਦੇ ਸ਼ਿਵਲੀ ਥਾਣਾ ਖੇਤਰ 'ਚ ਸਥਿਤ ਤਾਰਾਚੰਦ ਇੰਟਰ ਕਾਲਜ ਦੇ ਸਹਾਇਕ ਪ੍ਰਬੰਧਕ ਸਿੱਧੇਸ਼ਵਰ ਪਾਂਡੇ ਦੀ ਹੱਤਿਆ 'ਚ ਆਇਆ ਸੀ। ਕਾਨਪੁਰ ਦੇ ਸ਼ਿਵਲੀ ਥਾਣਾ ਖੇਤਰ 'ਚ ਹੀ ਸਾਲ 2000 'ਚ ਰਾਮਬਾਬੂ ਯਾਦਵ ਦੀ ਹੱਤਿਆ ਦੇ ਮਾਮਲੇ 'ਚ ਵਿਕਾਸ ਦੂਬੇ 'ਤੇ ਜੇਲ੍ਹ ਅੰਦਰ ਰਹਿ ਕੇ ਸਾਜ਼ਿਸ਼ ਰਚਣ ਦਾ ਦੋਸ਼ ਹੈ। ਸਾਲ 2001 'ਚ ਦਰਜਾ ਪ੍ਰਾਪਤ ਰਾਜਮੰਤਰੀ ਸੰਤੋਸ਼ ਸ਼ੁਕਲਾ ਦੀ ਥਾਣੇ 'ਚ ਵੜ ਕੇ ਹੱਤਿਆ ਕਰਨ ਤੋਂ ਬਾਅਦ ਉਹ ਨਾਮੀ ਬਦਮਾਸ਼ ਬਣ ਗਿਆ।

ਇਸ ਤੋਂ ਇਲਾਵਾ ਸਾਲ 2004 'ਚ ਹੋਈ ਕੇਬਲ ਵਪਾਰੀ ਦਿਨੇਸ਼ ਦੂਬੇ ਦੀ ਹੱਤਿਆ ਦੇ ਮਾਮਲੇ 'ਚ ਵੀ ਹਿਸਟਰੀਸ਼ੀਟਰ ਵਿਕਾਸ ਦੂਬੇ ਦੋਸ਼ੀ ਹੈ। ਉਸ ਨੇ ਕਈ ਨੌਜਵਾਨਾਂ ਦੀ ਫੌਜ ਤਿਆਰੀ ਕੀਤੀ ਹੋਈ ਹੈ। ਇਸ ਦੇ ਨਾਲ ਹੀ ਉਹ ਕਾਨਪੁਰ ਨਗਰ ਤੋਂ ਲੈ ਕੇ ਕਾਨਪੁਰ ਦੇਹਾਤ ਤਕ ਲੁੱਟ, ਡਕੈਤੀ, ਮਰਡਰ ਵਰਗੇ ਸੰਗੀਨ ਅਪਰਾਧਾਂ ਨੂੰ ਅੰਜਾਮ ਦਿੰਦਾ ਰਿਹਾ ਹੈ।

Posted By: Seema Anand