ਨਈ ਦੁਨੀਆ, ਨਵੀਂ ਦਿੱਲੀ : 7th Pay Commission : ਕੋਰੋਨਾ ਵਾਇਰਸ ਤੇ ਲਾਕਡਾਊਨ ਦੇ ਮੁਸ਼ਕਲ ਸਮੇਂ ਉੱਤਰ ਪ੍ਰਦੇਸ਼ ਸਰਕਾਰ ਨੇ ਆਪਣੇ ਮੁਲਾਜ਼ਮਾਂ ਨੂੰ ਵੱਡਾ ਝਟਕਾ ਦਿੱਤਾ ਹੈ। ਸਰਕਾਰ ਨੇ 16 ਲੱਖ ਮੁਲਾਜ਼ਮਾਂ ਦੇ ਵੱਖ-ਵੱਖ ਭੱਤਿਆਂ 'ਤੇ ਕੈਂਚੀ ਚਲਾ ਦਿੱਤੀ ਹੈ। ਇਸ ਤੋਂ ਬਾਅਦ ਮੁਲਾਜ਼ਮਾਂ ਦੀ ਤਨਖ਼ਾਹ 2000 ਰੁਪਏ ਤੋਂ ਲੈ ਕੇ 5000 ਰੁਪਏ ਤਕ ਘਟੇਗੀ। ਕੁੱਲ ਮਿਲਾ ਕੇ 7 ਤਰ੍ਹਾਂ ਦੇ ਭੱਤਿਆਂ 'ਚ ਕਮੀ ਕੀਤੀ ਗਈ ਹੈ। ਦੱਸ ਦੇਈਏ ਕਿ ਤਿੰਨ ਹਫ਼ਤੇ ਪਹਿਲਾਂ ਹੀ ਯੋਗੀ ਸਰਕਾਰ ਨੇ ਇਨ੍ਹਾਂ ਮੁਲਾਜ਼ਮਾਂ ਦੇ DA 'ਤੇ ਰੋਕ ਲਗਾਈ ਸੀ। ਸਰਕਾਰ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਤੇ ਲਾਕਡਾਊਨ ਕਾਰਨ ਸੂਬੇ ਦੀ ਆਰਥਿਕ ਸਿਹਤ 'ਤੇ ਅਸਰ ਪਿਆ, ਇਸ ਲਈ ਇਹ ਕਦਮ ਉਠਾਉਣਾ ਪਿਆ ਹੈ। ਸਰਕਾਰ ਇਸ ਤਰ੍ਹਾਂ ਹਰ ਸਾਲ 1200-1500 ਕਰੋੜ ਰੁਪਏ ਦੀ ਬੱਚਤ ਕਰੇਗੀ।

ਜਾਣਕਾਰੀ ਮੁਤਾਬਿਕ, ਯੋਗੀ ਕੈਬਨਿਟ 'ਚ ਇਹ ਫ਼ੈਸਲਾ ਲਿਆ ਗਿਆ ਸੀ, ਜਿਸ ਤੋਂ ਬਾਅਦ ਹੁਣ ਅਪਰ ਮੁੱਖ ਸਕੱਤਰ (ਵਿੱਤ) ਸੰਜੀਵ ਮਿੱਤਲ ਨੇ ਹੁਕਮ ਜਾਰੀ ਕਰ ਦਿੱਤਾ।

ਕਿਹੜੇ-ਕਿਹੜੇ ਭੱਤਿਆਂ 'ਚ ਹੋਈ ਕਟੌਤੀ

ਜਿਨ੍ਹਾਂ ਭੱਤਿਆਂ 'ਚ ਕਟੌਤੀ ਕੀਤੀ ਗਈ ਹੈ ਉਨ੍ਹਾਂ ਵਿਚ ਸਕੱਤਰੇਤ ਭੱਤਾ, ਨਗਰ ਪ੍ਰਤੀਕਰ ਭੱਤਾ, ਰਿਸਰਚ ਭੱਤਾ, ਅਰਦਲੀ ਡਿਜ਼ਾਈਨ ਭੱਤਾ, ਆਈਐਂਡਪੀ ਭੱਤਾ ਤੇ ਉਤਸ਼ਾਹ ਭੱਤਾ ਸ਼ਾਮਲ ਹਨ। ਸਕੱਤਰੇਤ ਭੱਤੇ ਤਹਿਤ 625 ਰੁਪਏ ਤੋਂ 2000 ਰੁਪਏ ਤਕ ਦੀ ਰਕਮ ਮਿਲਦੀ ਹੈ। ਯੂਪੀ 'ਚ ਕਰੀਬ 10 ਹਜ਼ਾਰ ਮੁਲਾਜ਼ਮਾਂ ਨੂੰ ਇਹ ਰਕਮ ਮਿਲਦੀ ਹੈ। ਇਸੇ ਤਰ੍ਹਾਂ ਨਗਰ ਪ੍ਰਤੀਕਰ ਭੱਤਾ ਸਾਰੇ 16 ਲੱਖ ਮੁਲਾਜ਼ਮਾਂ ਨੂੰ ਮਿਲਦਾ ਹੈ। ਇਸ ਤਹਿਤ 340 ਰੁਪਏ ਤੋਂ 900 ਰੁਪਏ ਤਕ ਦਿੱਤੇ ਜਾਂਦੇ ਹਨ। ਪੀਡਬਲਯੂਡੀ ਮੁਲਾਜ਼ਮਾਂ ਨੂੰ ਰਿਸਰਚ ਤੇ ਅਰਦਲੀ ਡਿਜ਼ਾਈਨ ਭੱਤਾ ਮਿਲਦਾ ਹੈ ਜਿਸ ਵਿਚ ਕਟੌਤੀ ਕੀਤੀ ਗਈ ਹੈ।

ਝਟਕੇ 'ਤੇ ਝਟਕਾ

ਇਹ ਦੂਸਰਾ ਮੌਕਾ ਹੈ ਜਦੋਂ ਯੂਪੀ 'ਚ ਸਰਕਾਰੀ ਮੁਲਾਜ਼ਮਾਂ 'ਤੇ ਅਜਿਹੀ ਚੋਟ ਹੋਈ ਹੈ। ਇਸ ਤੋਂ ਪਹਿਲਾਂ 24 ਅਪ੍ਰੈਲ ਨੂੰ ਸਰਕਾਰ ਨੇ 6 ਭੱਤਿਆਂ ਨੂੰ 31 ਮਾਰਚ, 2021 ਤਕ ਖ਼ਤਮ ਕਰਨ ਦਾ ਫ਼ੈਸਲਾ ਲਿਆ ਸੀ। ਉਦੋਂ ਕਿਹਾ ਗਿਆ ਸੀ ਕਿ ਇਸ ਨਾਲ ਸਰਕਾਰੀ ਖ਼ਜ਼ਾਨੇ 'ਤੇ 24000 ਕਰੋੜ ਰੁਪਏ ਦਾ ਘੱਟ ਬੋਝ ਪਵੇਗਾ।

Posted By: Seema Anand