ਸਟੇਟ ਬਿਊਰੋ, ਪਟਨਾ : ਸਮੇਂ ਸਿਰ ਚੋਣ ਦੀ ਵਕਾਲਤ ਕਰ ਰਹੀ ਭਾਜਪਾ ਨੂੰ ਉਸ ਦੀ ਤਿਆਰੀ ਸਬੰਧੀ ਬੈਠਕ ਨੇ ਹੀ ਚਿੰਤਾ 'ਚ ਪਾ ਦਿੱਤਾ ਹੈ। ਇਹ ਬੈੈਠਕਾਂ ਪਿਛਲੇ ਹਫ਼ਤੇ ਹੋਈਆਂ ਸਨ, ਜਿਸ ਤੋਂ ਬਾਅਦ ਪਾਰਟੀ ਦੇ ਜ਼ਿਆਦਾਤਰ ਅਹੁਦੇਦਾਰਾਂ ਨੂੰ ਕੋਰੋਨਾ ਹੋ ਗਿਆ ਹੈ, ਜਿਸ ਤੋਂ ਬਾਅਦ ਪਾਰਟੀ 'ਚ ਤਰਥੱਲੀ ਮਚ ਗਈ ਹੈ। ਭਾਜਪਾ ਦੇ ਬਿਹਾਰ ਇੰਚਾਰਜ ਭੁਪਿੰਦਰ ਯਾਦਵ ਦੀ ਅਗਵਾਈ 'ਚ ਪਿਛਲੇ ਹਫ਼ਤੇ ਪਟਨਾ 'ਚ ਸੱਤ ਖੇਤਰੀ ਬੈਠਕਾਂ ਹੋਈਆਂ, ਜਿਨ੍ਹਾਂ 'ਚ ਸੂਬਾ ਤੇ ਜ਼ਿਲ੍ਹਾ ਪੱਧਰ ਦੇ ਅਹੁਦੇਦਾਰਾਂ ਸਮੇਤ ਵਿਧਾਇਕ ਤੇ ਸਾਬਕਾ ਉਮੀਦਵਾਰ ਸ਼ਾਮਲ ਹੋਏ ਸਨ। ਇਨ੍ਹਾਂ 'ਚੋਂ 137 ਆਗੂਆਂ ਦਾ ਸੋਮਵਾਰ ਨੂੰ ਸੈਂਪਲ ਲਿਆ ਗਿਆ ਸੀ, ਜਿਨ੍ਹਾਂ 'ਚੋਂ 75 ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਹੁਣ ਏਨੀ ਤਰਥੱਲੀ ਮਚੀ ਹੋਈ ਹੈ ਕਿ ਪਾਰਟੀ ਦੇ ਸੂਬਾ ਦਫ਼ਤਰ ਨੂੰ 15 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਦੌਰਾਨ ਪਾਰਟੀ ਦੀਆਂ ਤਮਾਮ ਗਤੀਵਿਧੀਆਂ ਵੀ ਲਗਭਗ ਠੱਪ ਰਹਿਣਗੀਆਂ। ਸੂਬਾਈ ਜਨਰਲ ਸਕੱਤਰ ਨਾਗੇਂਦਰ ਨਾਥ, ਦੇਵੇਸ਼ ਕੁਮਾਰ, ਸੂਬਾ ਮੀਤ ਪ੍ਰਧਾਨ ਰਾਜੇਸ਼ ਵਰਮਾ, ਰਾਧਾ ਮੋਹਨ ਸ਼ਰਮਾ, ਸੂਬਾਈ ਜਨਰਲ ਸਕੱਤਰ ਦੇ ਨਿੱਜੀ ਸਕੱਤਰ ਵਿਕਾਸ ਕੁਮਾਰ, ਸਾਬਕਾ ਮੀਤ ਪ੍ਰਧਾਨ ਅਨਿਲ ਸ਼ਰਮਾ, ਮੀਡੀਆ ਇੰਚਾਰਜ ਰਾਜੂ ਝਾ ਤੇ ਰਾਕੇਸ਼ ਸਿੰਘ, ਦਫ਼ਤਰ ਸਕੱਤਰ ਦਲੀਪ ਮਿਸ਼ਰਾ ਆਦਿ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਹ ਸਾਰੇ ਕੁਆਰੰਟਾਈਨ ਹਨ। ਦਰਅਸਲ ਪਿਛਲੇ ਹਫ਼ਤੇ ਸੂਬਾ ਦਫ਼ਤਰ 'ਚ ਹੋਈ ਬੈਠਕ 'ਚ ਪਾਰਟੀ ਦਾ ਇਕ ਅਜਿਹਾ ਅਹੁਦੇਦਾਰ ਸ਼ਾਮਲ ਹੋਇਆ, ਜੋ ਕੋਰੋਨਾ ਦਾ ਮਰੀਜ਼ ਸੀ। ਉੱਪਰ ਤੋਂ ਹੇਠਾਂ ਤਕ ਦੇ ਤਮਾਮ ਪਾਰਟੀ ਅਹੁਦੇਦਾਰ ਉਸ ਦੇ ਸੰਪਰਕ 'ਚ ਆਏ, ਜਿਸ ਤੋਂ ਬਾਅਦ ਲਾਗ ਵਧਦੀ ਗਈ। ਹੁਣ ਪਾਰਟੀ ਦੇ ਕਈ ਅਹੁਦੇਦਾਰਾਂ ਦੇ ਪਰਿਵਾਰਕ ਮੈਂਬਰ ਵੀ ਲਾਗ ਦੀ ਚਪੇਟ 'ਚ ਆ ਗਏ ਹਨ।