ਨਵੀਂ ਦਿੱਲੀ (ਪੀਟੀਆਈ) : ਭਾਜਪਾ ਵੱਲੋਂ ਬਿਹਾਰ ਚੋਣ ਲਈ ਜਾਰੀ ਚੋਣ ਮਨੋਰਥ ਪੱਤਰ ਵਿਚ ਮੁਫ਼ਤ ਕੋਵਿਡ ਟੀਕੇ ਦੇ ਵਾਅਦੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਆਲੋਚਨਾ ਵਿਚਕਾਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਇਹ ਐਲਾਨ ਬਿਲਕੁਲ ਠੀਕ ਹੈ। ਕੋਈ ਪਾਰਟੀ ਇਸ ਗੱਲ ਦਾ ਐਲਾਨ ਕਰ ਸਕਦੀ ਹੈ ਕਿ ਉਹ ਸੱਤਾ ਵਿਚ ਆਉਣ 'ਤੇ ਕੀ ਕਰਨਾ ਚਾਹੁੰਦੀ ਹੈ।

ਸੀਤਾਰਮਨ ਨੇ ਵੀਰਵਾਰ ਨੂੰ ਬਿਹਾਰ ਵਿਧਾਨ ਸਭਾ ਚੋਣ ਲਈ ਭਾਜਪਾ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਸੀ। ਮੁੱਖ ਤੌਰ 'ਤੇ ਕੀਤੇ ਗਏ ਵਾਅਦਿਆਂ ਵਿਚ ਪਾਰਟੀ ਦੇ ਸੱਤਾ ਵਿਚ ਫਿਰ ਆਉਣ 'ਤੇ ਰਾਜ ਦੇ ਲੋਕਾਂ ਨੂੰ ਮੁਫ਼ਤ ਵਿਚ ਕੋਵਿਡ ਦਾ ਟੀਕਾ ਲਗਾਇਆ ਜਾਣਾ ਵੀ ਸ਼ਾਮਲ ਹੈ। ਇਸ ਵਾਅਦੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਭਾਜਪਾ ਦੀ ਆਲੋਚਨਾ ਕੀਤੀ ਸੀ।

ਉਨ੍ਹਾਂ ਚੋਣ ਕਮਿਸ਼ਨ ਤੋਂ ਕਾਰਵਾਈ ਦੀ ਮੰਗ ਕਰਦੇ ਹੋਏ ਦੋਸ਼ ਲਗਾਇਆ ਸੀ ਕਿ ਸੱਤਾਧਾਰੀ ਪਾਰਟੀ ਮਹਾਮਾਰੀ ਦੀ ਵਰਤੋਂ ਸਿਆਸੀ ਫ਼ਾਇਦੇ ਲਈ ਕਰ ਰਹੀ ਹੈ। ਭਾਜਪਾ ਦੀ ਸੀਨੀਅਰ ਨੇਤਾ ਸੀਤਾਰਮਨ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਚੋਣ ਮਨੋਰਥ ਪੱਤਰ ਵਿਚ ਕੀਤਾ ਗਿਆ ਐਲਾਨ ਹੈ।

ਕੋਈ ਪਾਰਟੀ ਇਸ ਗੱਲ ਦਾ ਐਲਾਨ ਕਰ ਸਕਦੀ ਹੈ ਕਿ ਉਹ ਸੱਤਾ ਵਿਚ ਆਉਣ 'ਤੇ ਕੀ ਕਰਨਾ ਚਾਹੁੰਦੀ ਹੈ। ਸਿਹਤ ਰਾਜ ਦਾ ਵਿਸ਼ਾ ਹੈ। ਇਹ ਪੂਰੀ ਤਰ੍ਹਾਂ ਸਹੀ ਹੈ। ਉਨ੍ਹਾਂ ਕਿਹਾ ਕਿ ਹਰ ਪਾਰਟੀ ਆਪਣੇ ਚੋਣ ਮਨੋਰਥ ਪੱਤਰ ਵਿਚ ਇਹ ਦੱਸਦੀ ਹੈ ਕਿ ਸੱਤਾ ਵਿਚ ਆਉਣ 'ਤੇ ਉਹ ਕੀ ਕਰਨਾ ਚਾਹੁੰਦੀ ਹੈ। ਬਿਹਾਰ ਵਿਧਾਨ ਸਭਾ ਲਈ ਚੋਣ ਤਿੰਨ ਪੜਾਵਾਂ ਵਿਚ ਹੋਵੇਗੀ। ਪਹਿਲੇ ਪੜਾਅ ਲਈ ਵੋਟਿੰਗ 28 ਅਕਤੂਬਰ ਨੂੰ ਹੋਣੀ ਹੈ।