ਚੇਨਈ (ਪੀਟੀਆਈ) : ਤਾਮਿਲ ਅਦਾਕਾਰ ਵਿਜੇ ਸੇਤੁਪਤੀ ਦੀ ਬੇਟੀ ਤੇ ਡੀਐੱਮਕੇ ਸੰਸਦ ਮੈਂਬਰ ਕਨੀਮੋਝੀ ਨੂੰ ਜਬਰ ਜਨਾਹ ਦੀ ਧਮਕੀ ਦੇਣ ਦੇ ਮਾਮਲੇ 'ਚ ਚੇਨਈ ਸਾਈਬਰ ਸੈੱਲ ਨੇ ਐੱਫਆਈਆਰ ਦਰਜ ਕੀਤੀ ਹੈ।

ਇਸ ਸਬੰਧੀ ਚੇਨਈ ਪੁਲਿਸ ਕਮਿਸ਼ਨਰ ਮਹੇਸ਼ ਅਗਰਵਾਲ ਨੇ ਟਵੀਟ ਕਰ ਕੇ ਕਿਹਾ, 'ਇਕ ਸੈਲੇਬਿ੍ਟੀ ਖ਼ਿਲਾਫ਼ ਸੋਸ਼ਲ ਮੀਡੀਆ (ਟਵਿੱਟਰ) 'ਚ ਕੀਤੀਆਂ ਗਈਆਂ ਟਿੱਪਣੀਆਂ ਬਾਰੇ ਚਿੰਤਾ ਕਾਫੀ ਵੱਧ ਗਈ ਹੈ। ਸ਼ਿਕਾਇਤ ਮਿਲਣ 'ਤੇ ਸਾਈਬਰ ਸੈੱਲ ਨੇ ਮਾਮਲੇ ਦਰਜ ਕੀਤਾ ਹੈ।' ਇਸ ਤੋਂ ਪਹਿਲਾਂ ਕਨੀਮੋਝੀ ਨੇ ਟਵੀਟ ਕਰ ਕੇ ਕਿਹਾ, 'ਇਹ ਧਮਕੀ ਨਾ ਸਿਰਫ ਗਲਤ ਹੈ, ਬਲਕਿ ਸਾਡੇ ਸਮਾਜ ਲਈ ਬੇਹੱਦ ਖ਼ਤਰਨਾਕ ਵੀ ਹੈ। ਔਰਤਾਂ ਤੇ ਬੱਚਿਆਂ ਨੂੰ ਨਿਸ਼ਾਨਾ ਬਣਾਉਣਾ ਬੁਝਦਿਲੀ ਭਰਿਆ ਕੰਮ ਹੈ। ਪੁਲਿਸ ਨੂੰ ਅਪਰਾਧੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

ਕਾਬਿਲੇਗੌਰ ਹੈ ਕਿ ਵਿਜੇ ਸੇਤੁਪਤੀ ਸ੍ਰੀਲੰਕਾ ਦੇ ਸਾਬਕਾ ਸਪਿੰਨ ਗੇਂਦਬਾਜ਼ ਮੁਥੈਆ ਮੁਰਲੀਧਰਨ ਦੀ ਬਾਇਓਪਿਕ '800' 'ਚ ਮੁੱਖ ਭੂਮਿਕਾ ਨਿਭਾਉਣ ਵਾਲੇ ਸਨ। ਇਸ ਬਾਇਓਪਿਕ ਦੇ ਐਲਾਨ ਤੋਂ ਬਾਅਦ ਤੋਂ ਤਾਮਿਲਨਾਡੂ 'ਚ ਸੇਤੁਪਤੀ ਦਾ ਲਗਾਤਾਰ ਵਿਰੋਧ ਹੋ ਰਿਹਾ ਸੀ। ਮਾਮਲੇ ਨੂੰ ਗਰਮ ਹੁੰਦਾ ਦੇਖ ਮੁਰਲੀਧਰਨ ਨੇ ਖ਼ੁਦ ਵਿਜੇ ਨੂੰ ਇਸ ਨੂੰ ਛੱਡਣ ਲਈ ਕਿਹਾ। ਉਨ੍ਹਾਂ ਦਾ ਕਹਿਣਾ ਮੰਨਦੇ ਹੋਏ ਸੇਤੁਪਤੀ ਨੇ ਇਹ ਰੋਲ ਛੱਡ ਦਿੱਤਾ। ਇਸ ਦੌਰਾਨ ਉਨ੍ਹਾਂ ਦੀ ਬੇਟੀ ਨੂੰ ਜਬਰ ਜਨਾਹ ਦੀ ਧਮਕੀ ਦਿੱਤੀ ਗਈ।