ਜੇਐੱਨਐੱਨ, ਨਵੀਂ ਦਿੱਲੀ : ਬਸਪਾ ਦੀ ਕੌਮੀ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਮਾਇਆਵਤੀ ਬੁੱਧਵਾਰ ਨੂੰ ਆਪਣਾ 64ਵਾਂ ਜਨਮਦਿਨ 'ਜਨਕਲਿਆਣਕਾਰੀ ਦਿਵਸ' ਦੇ ਰੂਪ 'ਚ ਮਨਾ ਰਹੀ ਹੈ। ਇਸ ਦੌਰਾਨ ਮਾਲ ਐਵੇਨਿਊ ਸਥਿਤ ਪਾਰਟੀ ਦੇ ਸੂਬਾ ਹੈੱਡਕੁਆਰਟਰ 'ਚ ਪੱਤਰਕਾਰਾਂ ਨਾਲ ਗੱਲਬਾਤ 'ਚ ਉਨ੍ਹਾਂ ਭਾਜਪਾ ਦੀ ਕੇਂਦਰ ਸਰਕਾਰ ਤੇ ਕਾਂਗਰਸ 'ਤੇ ਜ਼ੋਰਦਾਰ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਥਿਤੀ ਕਾਂਗਰਸ ਕਾਲ ਤੋਂ ਵੀ ਜ਼ਿਆਦਾ ਖ਼ਰਾਬ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਦੀਆਂ ਸਰਕਾਰਾਂ ਨੇ ਕੰਮ ਕੀਤਾ, ਹੁਣ ਉਸੇ ਰਾਹ 'ਤੇ ਕੇਂਦਰ ਦੀ ਬੀਜੇਪੀ ਸਰਕਾਰ ਚੱਲ ਰਹੀ ਹੈ। ਭਾਜਪਾ ਤਾਂ ਕਾਂਗਰਸ ਤੋਂ ਦੋ ਕਦਮ ਅੱਗੇ ਹੈ। ਦੇਸ਼ ਦੀ ਅਰਥਵਿਵਸਥਾ ਖ਼ਰਾਬ ਹੋ ਗਈ ਹੈ, ਤਣਾਅ ਤੇ ਡਰ ਦਾ ਮਾਹੌਲ ਹੈ।

ਮਾਇਆਵਤੀ ਨੇ ਸੀਏਏ ਬਾਰੇ ਕਿਹਾ ਕਿ ਇੱਥੋਂ ਜਿਹੜੇ ਮੁਸਲਮਾਨ ਪਾਕਿਸਤਾਨ ਗਏ ਹਨ, ਉਹ ਵੀ ਜ਼ੁਲਮ ਤੇ ਜ਼ਿਆਦਤੀ ਦੇ ਸ਼ਿਕਾਰ ਹਨ, ਉਨ੍ਹਾਂ ਨੂੰ ਵੀ ਇੱਥੇ ਲਿਆਉਣਾ ਚਾਹੀਦਾ ਹੈ। ਮਾਇਆਵਤੀ ਨੇ ਪੁਲਿਸ ਕਮਿਸ਼ਨਰ ਪ੍ਰਣਾਲੀ ਦਾ ਸਵਾਗਤ ਤਾਂ ਕੀਤਾ ਪਰ ਇਹ ਵੀ ਕਿਹਾ ਕਿ ਸਿਰਫ਼ ਨੀਤੀਆਂ ਬਣਾਉਣ ਨਾਲ ਕੁਝ ਨਹੀਂ ਹੋਵੇਗਾ। ਜਦੋਂ ਤਕ ਕਾਨੂੰਨ ਵਿਵਸਥਾ ਨੂੰ ਲੈ ਕੇ ਸਖ਼ਤੀ ਨਹੀਂ ਹੋਵੇਗੀ, ਉਦੋਂ ਅਜਿਹੀ ਹੀ ਹਾਲਤ ਰਹੇਗੀ। ਬਸਪਾ ਸ਼ਾਸਨਕਾਲ 'ਚ ਕਾਨੂੰਨ-ਵਿਵਸਥਾ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਹੁੰਦਾ ਸੀ, ਇੱਥੋਂ ਤਕ ਕਿ ਐੱਮ-ਐੱਮਐੱਲਓ ਖ਼ਿਲਾਫ਼ ਵੀ ਕਾਰਵਾਈ ਹੁੰਦੀ ਸੀ।

ਇਸ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ 'ਚ ਬਸਪਾ ਸੁਪਰੀਮੋ ਮਾਇਆਵਤੀ ਨੇ ਸਭ ਤੋਂ ਪਹਿਲਾਂ ਕਾਂਸ਼ੀਰਾਮ ਨੂੰ ਯਾਦ ਕੀਤਾ ਤੇ ਪਾਰਟੀ ਵਰਕਰਾਂ ਨਾਲ ਲੋਕ ਭਲਾਈ ਦਿਵਸ ਦੇ ਰੂਪ 'ਚ ਆਪਣਾ ਜਨਮਦਿਨ ਮਨਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ, ਕਾਂਗਰਸ ਦੀ ਆਲੋਚਨਾ ਛੱਡ ਕੇ ਦੇਸ਼ ਹਿੱਤ ਤੇ ਗ਼ਰੀਬੀ ਹਟਾਉਣ ਦਾ ਕੰਮ ਕਰੇ ਤਾਂ ਜ਼ਿਆਦਾ ਬਿਹਤਰ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਦੇਸ਼ ਭਰ 'ਚ ਅਸ਼ਾਂਤੀ ਤੇ ਕਾਨੂੰਨ ਵਿਵਸਥਾ ਵਿਗੜ ਗਈ ਹੈ, ਜੋ ਰਾਸ਼ਟਰੀ ਚਿੰਤਾ ਦਾ ਵਿਸ਼ਾ ਹੈ। ਭਾਜਪਾ ਸਰਕਾਰ ਜੇਕਰ ਕਾਂਗਰਸ ਦੇ ਰਸਤਿਆਂ 'ਤੇ ਚੱਲਦੀ ਰਹੀ ਤਾਂ ਹੌਲੀ-ਹੌਲੀ ਹੋਰ ਸੂਬਿਆਂ ਦੀ ਸੱਤਾ ਵੀ ਉਸ ਦੇ ਹੱਥੋਂ ਚਲੀ ਜਾਵੇਗੀ।

ਬਸਪਾ ਮੁਖੀ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ (CAA) ਵੰਡੀਆਂ ਪਾਉਣ ਵਾਲਾ ਤੇ ਗ਼ੈਰ-ਸੰਵਿਧਾਨਕ ਹੈ। ਜਦੋਂ ਇਹ ਕਾਨੂੰਨ ਲਿਆਂਦਾ ਗਿਆ, ਉਦੋਂ ਮੈਂ ਕੇਂਦਰ ਸਰਕਾਰ ਨੂੰ ਕਿਹਾ ਸੀ ਕਿ ਇਸ ਕਾਨੂੰਨ ਬਾਰੇ ਲੋਕਾਂ 'ਚ ਸੰਸੇ ਹੈ। ਲੋਕ ਇਸ ਨਾਲ ਬਿਲਕੁਲ ਸਹਿਮਤ ਨਹੀਂ ਹਨ। ਉਨ੍ਹਾਂ ਕਿਹਾ ਕਿ ਸੀਏਏ ਉਨ੍ਹਾਂ ਸਾਰੇ ਸਮਾਜਾਂ 'ਤੇ ਲਾਗੂ ਹੋਣਾ ਚਾਹੀਦਾ ਹੈ ਜਿਨ੍ਹਾਂ 'ਤੇ ਜ਼ੁਲਮ ਜ਼ਿਆਦਤੀ ਹੋਈ ਹੈ। ਉਨ੍ਹਾਂ ਕਿਹਾ ਕਿ ਮੋਦੀ ਰਾਜ 'ਚ ਦੇਸ਼ ਦੀ ਅਰਥਵਿਵਸਥਾ ਬੀਮਾਰ ਹਾਲਤ 'ਚ ਹੈ। 130 ਕਰੋੜ ਜਨਤਾ ਸਾਹਮਣੇ ਰੋਜ਼ੀ-ਰੋਟੀ ਦਾ ਸੰਕਟ ਖੜ੍ਹਾ ਹੋ ਗਿਆ ਹੈ। ਦੇਸ਼ ਭਰ 'ਚ ਗ਼ਰੀਬੀ ਤੇ ਬੇਰੁਜ਼ਗਾਰੀ ਪੱਸਰੀ ਹੈ ਜਿਸ ਕਾਰਨ ਆਮ ਜਨਤਾ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਇਸ ਦੌਰਾਨ ਮਾਇਆਵਤੀ ਨੇ ਬਸਪਾ ਦੀ ਬਲੂ ਬੁੱਕ ਤੇ ਇਸ ਦੇ ਅੰਗਰੇਜ਼ੀ ਸੰਸਕਰਨ ਦੀ ਘੁੰਡ ਚੁਕਾਈ ਵੀ ਕੀਤੀ ਲਖਨਊ 'ਚ ਪ੍ਰੈੱਸ ਕਾਨਫਰੰਸ ਤੋਂ ਬਾਅਦ ਉਹ ਦਿੱਲੀ ਰਵਾਨਾ ਹੋ ਜਾਣਗੇ ਤੇ ਆਪਣੇ ਪਰਿਵਾਰ ਨਾਲ ਜਨਮਦਿਨ ਮਨਾਉਣਗੇ।

Posted By: Seema Anand