ਜੇਐੱਨਐੱਨ, ਬੇਤੀਆ : ਬਿਹਾਰ ਦੀ ਉਪ ਮੁੱਖ ਮੰਤਰੀ ਰੇਨੂ ਦੇਵੀ ਦੇ ਛੋਟੇ ਭਰਾ ਰਵੀ ਕੁਮਾਰ ਉਰਫ ਪਿੰਨੂ ਨਾਲ 63 ਲੱਖ ਦੀ ਠੱਗੀ ਦੀ ਸ਼ਿਕਾਇਤ ਮਿਲੀ ਹੈ। ਮਾਮਲਾ ਜ਼ਮੀਨ ਦੇ ਇਕ ਟੁਕੜੇ ਦੀ ਖ਼ਰੀਦੋ-ਫਰੋਖਤ ਨਾਲ ਜੁੜਿਆ ਹੈ। ਬੇਤੀਆ ਨਿਵਾਸੀ ਰਵੀ ਕੁਮਾਰ ਦੀ ਸ਼ਿਕਾਇਤ 'ਤੇ ਐੱਫਆਈਆਰ ਦਰਜ ਕਰ ਕੇ ਸ਼ਹਿਰੀ ਥਾਣੇ ਦੀ ਪੁਲਿਸ ਜਾਂਚ ਕਰ ਰਹੀ। ਥਾਣਾ ਇੰਚਾਰਜ ਰਾਕੇਸ਼ ਕੁਮਾਰ ਭਾਸਕਰ ਨੇ ਦੱਸਿਆ ਕਿ ਅਦਾਲਤ ਦੇ ਹੁਕਮ 'ਤੇ ਐੱਫਆਈਆਰ ਦਰਜ ਕੀਤੀ ਗਈ ਹੈ। ਲਕਸ਼ਮਣ ਸਾਹ, ਸੋਹਰਾਵ ਖਾਂ ਤੇ ਮੁਸ਼ਤਾਕ ਖਾਂ ਨਾਮਜ਼ਦ ਮੁਲਜ਼ਮ ਹਨ। ਜ਼ਿਕਰਯੋਗ ਹੈ ਕਿ ਭਾਜਪਾ ਦੀ ਕੌਮੀ ਉਪ ਪ੍ਰਧਾਨ ਰਹਿ ਚੁੁੱਕੀ ਰੇਨੂ ਦੇਵੀ ਦਾ ਵਿਧਾਨ ਸਭਾ ਖੇਤਰ ਬੇਤੀਆ ਹੈ, ਜਿਥੋਂ ਉਹ ਪੰਜਵੀਂ ਵਾਰ ਚੁਣੀ ਗਈ ਹੈ। ਪਿਛਲੀ ਵਾਰ ਉਹ ਕਾਂਗਰਸ ਦੇ ਮਦਨ ਮੋਹਨ ਤਿਵਾੜੀ ਤੋਂ ਮਾਤ ਖਾ ਗਈ ਸੀ। ਇਸ ਵਾਰ ਉਨ੍ਹਾਂ ਨੇ 18 ਹਜ਼ਾਰ ਤੋਂ ਕੁਝ ਜ਼ਿਆਦਾ ਵੋਟਾਂ ਨਾਲ ਮਾਤ ਦੇ ਕੇ ਹਿਸਾਬ ਬਰਾਬਰ ਕਰ ਦਿੱਤਾ। ਬੇਤੀਆ 'ਚ ਸੁਪਿ੍ਰਆ ਰੋਡ 'ਚ ਰੇਨੂ ਦਾ ਘਰ ਹੈ। ਉਸ ਤੋਂ ਪਹਿਲਾਂ ਉਹ ਆਪਣੇ ਭਰਾ ਨਾਲ ਪਿਤਾ ਦੇ ਘਰ 'ਚ ਰਹਿੰਦੀ ਸੀ। ਰਵੀ ਕੁਮਾਰ ਨੇ ਦੱਸਿਆ ਕਿ ਬੇਤੀਆ ਦੇ ਬਾਨੁਛਾਪਰ 'ਚ ਜ਼ਮੀਨ ਦੇ ਟੁਕੜੇ ਦੀ ਵਿਕਰੀ ਬਦਲੇ ਲਕਸ਼ਮਣ ਸਾਹ, ਸੋਹਰਾਵ ਖਾਂ ਤੇ ਮੁਸ਼ਤਾਕ ਖਾਂ ਤੋਂ 63 ਲੱਖ ਮਿਲਣੇ ਸਨ। ਇਸ ਸਾਲ ਚਾਰ ਜੁਲਾਈ ਨੂੰ ਰਕਮ ਲੈਣ ਲਈ ਉਹ ਸੋਹਰਾਵ ਤੇ ਮੁਸ਼ਤਾਕ ਦੀ ਰਿਹਾਇਸ਼ 'ਤੇ ਗਏ, ਜਿਥੇ ਲਕਸ਼ਮਣ ਵੀ ਮੌਜੂਦ ਸਨ। ਰਕਮ ਮੰਗਣ 'ਤੇ ਮੁਲਜ਼ਮਾਂ ਨੇ ਗਾਲੀ-ਗਲੋਚ ਕਰਨ ਤੋਂ ਬਾਅਦ ਧਮਕੀ ਦਿੱਤੀ। ਉਨ੍ਹਾਂ 11 ਜੁਲਾਈ ਨੂੰ ਅਦਾਲਤ 'ਚ ਸ਼ਿਕਾਇਤ ਦਾਖਲ ਕਰਵਾਈ ਸੀ। ਵੀਰਵਾਰ ਨੂੰ ਅਦਾਲਤ ਨੇ ਸ਼ਹਿਰ ਥਾਣਾ ਨੂੰ ਐੱਫਆਰਆਈ ਦਰਜ ਕਰਨ ਦਾ ਹੁਕਮ ਦਿੱਤਾ।