ਨਵੀਂ ਦਿੱਲੀ: ਪੂਰਬ-ਉੱਤਰ ਭਾਰਤ ਦੀਆਂ ਨਦੀਆਂ ਦੇ ਜਲ ਪੱਧਰ ਵਧਣ ਕਾਰਨ ਅਸਾਮ ਦੇ 58 ਲੱਖ ਤੋਂ ਜ਼ਿਆਦਾ ਲੋਕ ਹੜ੍ਹ 'ਚ ਫਸੇ ਹੋਏ ਹਨ। ਉਨ੍ਹਾਂ ਦੇ ਖਾਣ-ਪੀਣ ਦਾ ਵੀ ਸੰਕਟ ਪੈਦਾ ਹੋ ਗਿਆ ਹੈ। ਹੜ੍ਹ ਕਾਰਨ 30 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਕਾਜ਼ੀਰਰੰਗਾ ਰਾਸ਼ਟਰੀ ਪਾਰਕ 'ਚ ਇਕ ਗੈਂਡੇ ਦੀ ਮੌਤ ਦੀ ਖ਼ਬਰ ਹੈ। ਡੇਢ ਲੱਖ ਤੋਂ ਜ਼ਿਆਦਾ ਲੋਕ ਬੇਘਰ ਹੋ ਗਏ ਹਨ ਤੇ 472 ਰਾਹਤ ਕੈਂਪਾਂ ਤੇ 392 ਰਾਹਤ ਡਿਲਿਵਰੀ ਕੇਂਦਰਾਂ 'ਚ ਆਸਰਾ ਲੈਣ ਲਈ ਮਜਬੂਰ ਹਨ।

ਧੁਬਰੀ ਜ਼ਿਲ੍ਹਾ ਜੇਲ੍ਹ 'ਚ ਪਾਣੀ ਭਰ ਜਾਣ ਕਾਰਨ ਉੱਥੇ ਸਾਰੇ 409 ਕੈਦੀਆਂ ਨੂੰ ਮਹਿਲਾ ਯੂਨੀਵਰਸਿਟੀ 'ਚ ਰੱਖਿਆ ਗਿਆ ਹੈ। ਵੱਡੀ ਗਿਣਤੀ 'ਚ ਲੋਕ ਗਵਾਲਪਾੜਾ ਤੇ ਜੋਗੀਘੋਪਾ ਸਥਿਤ ਰੇਲਵੇ ਲਾਈਨਾਂ ਕਿਨਾਰੇ ਆਸਾਰ ਲੱਭ ਰਹੇ ਹਨ। ਜਿਸ ਕਾਰਨ ਰੇਲਵੇ ਨੇ ਇਸ ਮਾਰਗ 'ਤੇ ਰੇਲਾਂ ਦੀ ਰਫ਼ਤਾਰ ਨਿਰਧਾਰਤ ਕਰ ਦਿੱਤੀ ਹੈ।

ਇਕ ਅਧਿਕਾਰੀ ਨੇ ਦੱਸਿਆ ਕਿ 58 ਲੱਖ ਤੋਂ ਜ਼ਿਆਦਾ ਲੋਕ ਹੜ੍ਹ 'ਚ ਫਸੇ ਹੋਏ ਹਨ। ਬੁੱਧਵਾਰ ਨੂੰ ਅਸਾਮ 'ਚ ਬ੍ਰਹਮਪੁੱਤਰ ਤੇ ਉਸ ਦੀਆਂ ਸਹਾਇਕ ਨਦੀਆਂ ਦਾ ਜਲ ਪੱਧਰ ਕਰੀਬ 10 ਥਾਵਾਂ ਤੋਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਰਿਹਾ। ਅਸਾਮ ਦੇ ਲਖੀਮਪੁਰ ਜ਼ਿਲ੍ਹੇ ਦੇ ਇਕ ਰਾਹਤ ਕੈਂਪ 'ਚ ਔਰਤ ਨੇ ਦੱਸਿਆ ਕਿ ਲੋਕ ਪਿਛਲੇ ਸੱਤ ਦਿਨਾਂ ਤੋਂ ਸਿਰਫ਼ ਚੌਲ ਖਾ ਕੇ ਜ਼ਿੰਦਾ ਹਨ। ਉਹ ਗੰਦਾ ਪਾਣੀ ਪੀਣ ਲਈ ਮਜਬੂਰ ਹਨ।

ਐੱਨਡੀਆਰਐੱਫ ਦੇ ਬੁਲਾਰੇ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਸੂਬਿਆਂ ਦੇ 11 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਬਚਾਉਣ ਲਈ ਉਨ੍ਹਾਂ ਦੀ ਟੀਮ ਕਾਮਯਾਬ ਰਹੀ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਲੋਕ ਅਸਾਮ ਤੇ ਬਿਹਾਰ ਦੇ ਹਨ। ਰਾਹਤ ਤੇ ਬਚਾਅ ਕਾਰਜ ਲਈ 100 ਤੋਂ ਜ਼ਿਆਦਾ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।

ਉਧਰ ਤ੍ਰਿਪੁਰਾ 'ਚ ਹੜ੍ਹ ਦੀ ਸਥਿਤੀ 'ਚ ਸੁਧਾਰ ਹੋ ਰਿਹਾ ਹੈ। ਬੁੱਧਵਾਰ ਨੂੰ ਖੋਵਾਈ ਤੇ ਹਾਓਰਾ ਨਦੀਆਂ ਦਾ ਜਲ ਪੱਧਰ ਘਟਿਆ ਹੈ। ਰਾਹਤ ਕੈਂਪਾਂ 'ਚ ਆਸਰਾ ਲੈਣ ਵਾਲੇ ਲੋਕ ਵਾਪਸ ਜਾਣ ਲੱਗੇ ਹਨ।

Posted By: Akash Deep