ਨਵੀਂ ਦਿੱਲੀ (ਏਐੱਨਆਈ) : ਦੇਸ਼ ਭਰ ਦੇ 51 ਆਰਮਡ ਦਸਤੇ ਹਸਪਤਾਲਾਂ ਨੂੰ ਕੋਵਿਡ-19 ਦੀ ਮੈਡੀਕਲ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਕੋਰੋਨਾ ਵਾਇਰਸ ਇਨਫੈਕਸ਼ਨ ਵਿਚਾਲੇ ਆਰਮਡ ਦਸਤਿਆਂ ਵੱਲੋਂ ਮੁੰਬਈ, ਜੈਸਲਮੇਰ, ਜੋਧਪੁਰ, ਹਿੰਡਨ, ਮਾਨੇਸਰ ਤੇ ਚੇਨਈ 'ਚ ਛੇ ਕੁਆਰੰਟਾਈਨ ਸੈਂਟਰ ਚਲਾਏ ਜਾ ਰਹੇ ਹਨ। ਇਨ੍ਹਾਂ ਛੇ ਕੇਂਦਰਾਂ 'ਚ 1,737 ਲੋਕਾਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ। ਸਿਹਤਮੰਦ ਹੋਣ ਦੇ ਬਾਅਦ ਇਨ੍ਹਾਂ 'ਚੋਂ 403 ਲੋਕਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ।

ਇਸ ਦੇ ਇਲਾਵਾ 15 ਹੋਰ ਕੇਂਦਰਾਂ ਨੂੰ ਤਿਆਰ ਰੱਖਿਆ ਗਿਆ ਹੈ। ਦੇਸ਼ ਭਰ 'ਚ ਜ਼ਰੂਰਤ ਪੈਣ 'ਤੇ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕੇਗੀ। ਇਸ ਦੀ ਕੁੱਲ ਸਮਰੱਥਾ 7,000 ਦੇ ਆਸਪਾਸ ਹੈ। ਦੇਸ਼ ਭਰ 'ਚ ਦਵਾਈਆਂ ਤੇ ਮੈਡੀਕਲ ਉਪਕਰਣਾਂ ਦੀ ਸਪਲਾਈ ਲਈ ਟਰਾਂਸਪੋਰਟ ਦੇ ਸਹਿਯੋਗ ਲਈ ਹਵਾਈ ਫ਼ੌਜ ਦੇ ਟਰਾਂਸਪੋਰਟ ਬੇੜੇ ਦੀ ਵਰਤੋਂ ਕੀਤੀ ਜਾ ਰਹੀ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਕੋਵਿਡ-19 ਦੀ ਤਿਆਰੀ ਪੱਧਰ ਨੂੰ ਵਧਾਉਣ ਲਈ ਸਾਰੇ ਆਰਮਡ ਦਸਤਿਆਂ ਦੀਆਂ ਇਕਾਈਆਂ ਸਥਾਨਕ ਨਾਗਰਿਕ ਪ੍ਰਸ਼ਾਸਨ ਦੇ ਨਾਲ ਤਾਲਮੇਲ ਬਣਾ ਰਹੀਆਂ ਹਨ।