ਨਵੀਂ ਦਿੱਲੀ (ਪੀਟੀਆਈ) : ਰੇਲਵੇ ਦੀ ਖਾਣ-ਪੀਣ ਤੇ ਸੈਰ ਸਪਾਟਾ ਇਕਾਈ ਆਈਆਰਸੀਟੀਸੀ ਨੇ ਠੇਕੇ 'ਤੇ ਕੰਮ ਕਰਨ ਵਾਲੇ 500 ਤੋਂ ਜ਼ਿਆਦਾ ਸੁਪਰਵਾਈਜ਼ਰਾਂ ਦੀ ਸੇਵਾ ਖਤਮ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੌਜੂਦਾ ਸਥਿਤੀ 'ਚ ਇਨ੍ਹਾਂ ਸੁਪਰਵਾਈਜ਼ਰਾਂ ਦੀ ਕੋਈ ਲੋੜ ਨਹੀਂ ਹੈ। ਆਈਆਰਸੀਟੀਸੀ ਦੇ ਬੁਲਾਰੇ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਾਲੇ ਇਸ ਫੈਸਲੇ 'ਤੇ ਮੁੜ ਵਿਚਾਰ ਕੀਤਾ ਜਾ ਰਿਹਾ ਹੈ।

ਰੇਲਵੇ ਨੇ ਸਾਲ 2018 'ਚ ਕਰੀਬ 560 ਸੁਪਰਵਾਈਜ਼ਰਾਂ ਦੀ ਠੇਕੇ 'ਤੇ ਨਿਯੁਕਤੀ ਕੀਤੀ ਸੀ। ਇਨ੍ਹਾਂ ਦਾ ਕੰਮ ਚੱਲਦੀ ਟ੍ਰੇਨ 'ਚ ਪੈਂਟਰੀ ਕਾਰ ਦੀ ਵਿਵਸਥਾ, ਖਾਣੇ ਦੀ ਤਿਆਰੀ, ਉਸ ਦੀ ਗੁਣਵੱਤਾ ਦੀ ਜਾਂਚ, ਯਾਤਰੀਆਂ ਦੀਆਂ ਸ਼ਿਕਾਇਤਾਂ ਦਾ ਹੱਲ ਤੇ ਖਾਣੇ ਦੀ ਕੀਮਤ ਨੋਟੀਫਾਈਡ ਮੁੱਲ ਮੁਤਾਬਕ ਲਈ ਜਾਣਾ ਯਕੀਨੀ ਬਣਾਉਣਾ ਸੀ।

ਆਈਆਰਸੀਟੀਸੀ ਨੇ 25 ਜੂਨ ਨੂੰ ਆਪਣੇ ਸਾਰੇ ਜ਼ੋਨਲ ਦਫਤਰਾਂ ਨੂੰ ਲਿਖੇ ਪੱਤਰ 'ਚ ਕਿਹਾ ਹੈ ਕਿ ਮੌਜੂਦਾ ਸਥਿਤੀ 'ਚ ਇਨ੍ਹਾਂ ਠੇਕਾ ਮੁਲਾਜ਼ਮਾਂ ਦੀ ਲੋੜ ਨਹੀਂ ਹੈ। ਇਨ੍ਹਾਂ ਨੂੰ ਇਕ ਮਹੀਨੇ ਦਾ ਨੋਟਿਸ ਦੇ ਕੇ ਇਨ੍ਹਾਂ ਦੀ ਸੇਵਾ ਖਤਮ ਕਰ ਦਿੱਤੀ ਜਾਵੇ।