ਜੇਐੱਨਐੱਨ, ਬੈਜਨਾਥ : ਵਿਸ਼ਵ ਪ੍ਰਸਿੱਧ ਬੀੜ ਬਿਲਿੰਗ ਘਾਟੀ 'ਚ ਲੰਬੇ ਸਮੇਂ ਤੋਂ ਬਾਅਦ ਰੌਣਕ ਪਰਤ ਆਈ ਹੈ। ਸ਼ਨਿਚਰਵਾਰ ਨੂੰ ਵੀਕੈਂਡ 'ਤੇ ਬੀੜ ਬਿਲਿੰਗ ਰੋਡ ਖੁੱਲ੍ਹਣ ਦੇ ਨਾਲ ਹੀ 50 ਦੇ ਕਰੀਬ ਪੈਰਾਗਲਾਈਡਰ ਪਾਇਲਟਾਂ ਨੇ ਉਡਾਣ ਭਰੀ। ਇਸ ਦੇ ਨਾਲ ਹੀ ਘਾਟੀ ਵਿਚ ਸੈਲਾਨੀਆਂ ਦੀ ਭੀੜ ਉਮੜ ਆਈ ਹੈ।

ਸੈਰ-ਸਪਾਟਾ ਵਿਭਾਗ ਦੇ ਸੁਪਰਵਾਈਜ਼ਰ ਰਣਵਿਜੇ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ 50 ਦੇ ਕਰੀਬ ਪਾਇਲਟਾਂ ਨੇ ਉਡਾਣ ਭਰੀ। ਵੱਡੀ ਗਿਣਤੀ ਵਿਚ ਬਾਹਰੀ ਸੂਬਿਆਂ ਦੇ ਸੈਲਾਨੀ ਇੱਥੇ ਆ ਰਹੇ ਹਨ। ਬੀੜ ਬਿਲਿੰਗ ਰੋਡ ਦੇ ਸ਼ੁਰੂ ਹੋ ਜਾਣ ਨਾਲ ਹੁਣ ਸੈਲਾਨੀ ਆਸਾਨੀ ਨਾਲ ਬਿਲਿੰਗ ਤਕ ਪਹੁੰਚ ਪਾਉਣਗੇ। ਇਹ ਮਾਰਗ ਮੁਰੰਮਤ ਕੰਮਾਂ ਕਾਰਨ ਬੰਦ ਸੀ। ਬਿਲਿੰਗ ਜਾਣ ਵਾਲੇ ਸੈਲਾਨੀਆਂ ਦੀ ਥਰਮਲ ਸਕਰੀਨਿੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪਾਇਲਟਾਂ ਅਤੇ ਸੈਲਾਨੀਆਂ ਦੇ ਬੁਖਾਰ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਪਾਇਲਟ ਅਰਵਿੰਦ ਪਾਲ ਨੇ ਦੱਸਿਆ ਕਿ ਕਾਫ਼ੀ ਸਮੇਂ ਬਾਅਦ ਬੀੜ ਘਾਟੀ ਵਿਚ ਸੈਲਾਨੀਆਂ ਦੀ ਚਹਿਲਕਦਮੀ ਵਧੀ ਹੈ। ਸੈਰ-ਸਪਾਟਾ ਵਿਭਾਗ ਦੀ ਡਿਪਟੀ ਡਾਇਰੈਕਟਰ ਸੁਨਯਨਾ ਸ਼ਰਮਾ ਦਾ ਕਹਿਣਾ ਹੈ ਕਿ ਪਾਇਲਟਾਂ ਅਤੇ ਸੈਰ-ਸਪਾਟਾ ਸਰਗਰਮੀਆਂ ਨਾਲ ਜੁੜੇ ਕਾਰੋਬਾਰੀਆਂ ਨੂੰ ਜਾਰੀ ਕੀਤੀ ਗਈ ਐੱਸਓਪੀ ਤਹਿਤ ਵਿਵਸਥਾ ਦੇ ਨਿਰਦੇਸ਼ ਦਿੱਤੇ ਗਏ ਹਨ।