ਜੇਐੱਨਐੱਨ, ਨਵੀਂ ਦਿੱਲੀ : ਦੇਸ਼ 'ਚ ਕੋਰੋਨਾ ਦੇ ਸਰਗਰਮ ਮਾਮਲੇ 2.14 ਲੱਖ ਦੇ ਕਰੀਬ ਪਹੁੰਚ ਗਏ ਹਨ ਜਿਹੜੇ ਕਿ ਕੁਲ ਮਾਮਲਿਆਂ ਦਾ 2.04 ਫ਼ੀਸਦੀ ਹੈ। ਇਹ ਗਿਣਤੀ ਪਿਛਲੇ 197 ਦਿਨਾਂ ਵਿਚ ਸਭ ਤੋਂ ਘੱਟ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ 30 ਜੂਨ 2020 ਨੂੰ ਦੇਸ਼ ਵਿਚ ਇਲਾਜ ਅਧੀਨ ਲੋਕਾਂ ਯਾਨੀ ਸਰਗਰਮ ਮਾਮਲਿਆਂ ਦੀ ਗਿਣਤੀ 2,15,125 ਸੀ। 16 ਹਜ਼ਾਰ ਤੋਂ ਕੁਝ ਘੱਟ ਨਵੇਂ ਮਾਮਲੇ ਮਿਲੇ ਹਨ ਅਤੇ ਕਰੀਬ 18 ਹਜ਼ਾਰ ਹੋਰ ਮਰੀਜ਼ ਠੀਕ ਹੋਏ ਹਨ। ਇਸ ਤਰ੍ਹਾਂ ਦੇ ਨਵੇਂ ਮਾਮਲਿਆਂ ਤੋਂ ਜ਼ਿਆਦਾ ਮਰੀਜ਼ਾਂ ਦੇ ਠੀਕ ਹੋਣ ਦਾ ਸਿਲਸਿਲਾ ਬਣਿਆ ਹੋਇਆ ਹੈ। ਕੋਰੋਨਾ ਮਹਾਮਾਰੀ ਕਾਰਨ ਰੋਜ਼ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ ਤਿੰਨ ਸੌ ਤੋਂ ਹੇਠਾਂ ਬਣੀ ਹੋਈ ਹੈ।

ਮੰਤਰਾਲੇ ਮੁਤਾਬਕ, ਬੀਤੇ 24 ਘੰਟੇ ਦੌਰਾਨ ਕੁਲ 15,968 ਨਵੇਂ ਕੇਸ ਮਿਲੇ ਹਨ, 17,817 ਮਰੀਜ਼ ਠੀਕ ਹੋਏ ਹਨ ਅਤੇ 202 ਲੋਕਾਂ ਦੀ ਮੌਤ ਹੋਈ ਹੈ। ਇਸ ਤਰ੍ਹਾਂ ਦੇਸ਼ ਵਿਚ ਹੁਣ ਤਕ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਮਿਲੇ ਲੋਕਾਂ ਦੀ ਗਿਣਤੀ ਇਕ ਕਰੋੜ ਚਾਰ ਲੱਖ 95 ਹਜ਼ਾਰ ਨੂੰ ਪਾਰ ਕਰ ਗਈ ਹੈ। ਇਨ੍ਹਾਂ ਵਿਚੋਂ ਇਕ ਕਰੋੜ ਇਕ ਲੱਖ 29 ਹਜ਼ਾਰ ਤੋਂ ਜ਼ਿਆਦਾ ਮਰੀਜ਼ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਹਨ ਅਤੇ 1,51,529 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਮਰੀਜ਼ਾਂ ਦੇ ਉਭਰਨ ਦੀ ਦਰ ਵੱਧ ਕੇ 96.51 ਫ਼ੀਸਦੀ ਹੋ ਗਈ ਹੈ, ਜਦਕਿ ਮੌਤ ਦਰ 1.44 ਫ਼ੀਸਦੀ 'ਤੇ ਬਣੀ ਹੋਈ ਹੈ।

ਇਨਫੈਕਸ਼ਨ ਮੁਕਤ ਲੋਕਾਂ 'ਚ 81.83 ਫ਼ੀਸਦੀ 10 ਸੂਬਿਆਂ ਤੋਂ

ਮੰਤਰਾਲੇ ਨੇ ਦੱਸਿਆ ਕਿ ਇਨਫੈਕਸ਼ਨ ਮੁਕਤ ਹੋਏ ਨਵੇਂ ਲੋਕਾਂ ਵਿਚੋਂ 81.83 ਫ਼ੀਸਦੀ 10 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਸਨ। ਕੇਰਲ ਵਿਚ ਸਭ ਤੋਂ ਜ਼ਿਆਦਾ 4,270, ਮਹਾਰਾਸ਼ਟਰ ਵਿਚ 3,282 ਅਤੇ ਛੱਤੀਸਗੜ੍ਹ ਵਿਚ 1,207 ਲੋਕ ਇਨਫੈਕਸ਼ਨ ਮੁਕਤ ਹੋਏ। ਮੰਤਰਾਲੇ ਨੇ ਦੱਸਿਆ ਕਿ 74.82 ਫ਼ੀਸਦੀ ਨਵੇਂ ਮਾਮਲੇ ਸੱਤ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਸਨ। ਕੇਰਲ ਵਿਚ ਪਿਛਲੇ 24 ਘੰਟੇ ਵਿਚ ਸਭ ਤੋਂ ਜ਼ਿਆਦਾ 5,507 ਮਾਮਲੇ ਸਾਹਮਣੇ ਆਏ। ਇਸ ਤੋਂ ਬਾਅਦ ਮਹਾਰਾਸ਼ਟਰ ਵਿਚ 2,936 ਨਵੇਂ ਮਾਮਲੇ ਸਾਹਮਣੇ ਆਏ।

ਹੁਣ ਤਕ 18.34 ਕਰੋੜ ਟੈਸਟ

ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ਆਈਸੀਐੱਮਆਰ) ਮੁਤਾਬਕ ਕੋਰੋਨਾ ਇਨਫੈਕਸ਼ਨ ਦਾ ਪਤਾ ਲਾਉਣ ਲਈ ਦੇਸ਼ ਭਰ ਵਿਚ 12 ਜਨਵਰੀ ਤਕ ਕੁਲ 18.34 ਕਰੋੜ ਨਮੂਨਿਆਂ ਦਾ ਪ੍ਰੀਖਣ ਕੀਤਾ ਗਿਆ। ਇਨ੍ਹਾਂ ਵਿਚ ਮੰਗਲਵਾਰ ਨੂੰ ਜਾਂਚੇ ਗਏ 8.36 ਲੱਖ ਨਮੂਨੇ ਵੀ ਸ਼ਾਮਲ ਹਨ।

ਨਵੇਂ ਕੋਰੋਨਾ ਸਟ੍ਰੇਨ ਨਾਲ ਪੀੜਤਾਂ ਦੀ ਗਿਣਤੀ 102 ਹੋਈ

ਸਿਹਤ ਮੰਤਰਾਲੇ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਬਰਤਾਨੀਆ ਵਿਚ ਪਾਏ ਗਏ ਨਵੇਂ ਸਰੂਪ (ਸਟ੍ਰੇਨ) ਨਾਲ ਭਾਰਤ ਵਿਚ ਇਨਫੈਕਟਿਡ ਲੋਕਾਂ ਦੀ ਗਿਣਤੀ ਵੱਧ ਕੇ 102 ਹੋ ਗਈ ਹੈ। ਅਜਿਹੇ ਲੋਕਾਂ ਦੀ ਗਿਣਤੀ 11 ਜਨਵਰੀ ਤਕ 96 ਸੀ। ਮੰਤਰਾਲੇ ਨੇ ਕਿਹਾ ਕਿ ਸਬੰਧਤ ਸੂਬਾ ਸਰਕਾਰਾਂ ਨੇ ਇਨ੍ਹਾਂ ਲੋਕਾਂ ਨੂੰ ਕੋਰੋਨਾ ਕੇਅਰ ਸੈਂਟਰ ਵਿਚ ਇਕ-ਇਕ ਕਮਰੇ ਵਿਚ ਆਈਸੋਲੇਸ਼ਨ ਵਿਚ ਰੱਖਿਆ ਹੈ। ਇਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਵੀ ਕੁਆਰੰਟਾਈਨ ਕੀਤਾ ਗਿਆ ਹੈ ਅਤੇ ਇਨ੍ਹਾਂ ਨਾਲ ਯਾਤਰਾ ਕਰਨ ਵਾਲੇ ਲੋਕਾਂ ਦਾ ਪਤਾ ਲਾਇਆ ਜਾ ਰਿਹਾ ਹੈ।