ਪਟਨਾ : ਬਿਹਾਰ 'ਚ ਭਿਆਨਕ ਗਰਮੀ ਅਤੇ ਲੂ ਚੌਥੇ ਦਿਨ ਵੀ ਜਾਨਲੇਵਾ ਸਾਬਿਤ ਹੋਈ ਹੈ। ਮੰਗਲਵਾਰ ਨੂੰ ਬਿਹਾਰ ਦੇ ਵੱਖ-ਵੱਖ ਜ਼ਿਲ੍ਹਿਆਂ 'ਚ 41 ਵਿਅਕਤੀਆਂ ਦੀ ਮੌਤ ਹੋ ਗਈ। ਮਗਧ ਅਤੇ ਸ਼ਾਹਬਾਦ 'ਚ 14, ਭਾਗਲਪੁਰ 'ਚ 4, ਬਾਂਕਾ 'ਚ 3, ਜਮੁਈ ਅਤੇ ਮੁੰਗੇਰ 'ਚ 2-2, ਵੈਸ਼ਾਲੀ, ਛਪਰਾ, ਭੋਜਪੁਰ, ਨਾਲੰਦਾ ਅਤੇ ਕਟਿਹਾਰ 'ਚ 16 ਜਾਨਾਂ ਗਈਆਂ। ਸ਼ਨਿਚਰਵਾਰ ਤੋਂ ਹੁਣ ਤੱਕ ਸੂਬੇ 'ਚ 285 ਮੌਤਾਂ ਹੋ ਚੁੱਕੀਆਂ ਹਨ।

ਸ਼ਨਿਚਰਵਾਰ ਨੂੰ 60, ਐਤਵਾਰ ਨੂੰ 118, ਸੋਮਵਾਰ ਨੂੰ 66 ਜਣਿਆਂ ਦੀ ਜਾਨ ਗਈ ਸੀ। ਦਰਜਨਾਂ ਲੋਕਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮਗਧ ਮੈਡੀਕਲ ਕਾਲਜ ਹਸਪਤਾਲ 'ਚ 165 ਮਰੀਜ਼ ਅਜੇ ਵੀ ਦਾਖਲ ਹਨ, ਇਨ੍ਹਾਂ ਚ 21 ਨਵੇਂ ਮਰੀਜ਼ ਆਏ ਹਨ। ਔਰੰਗਾਬਾਦ ਚ ਵੀ ਲਗਭਗ 100 ਮਰੀਜ਼ ਦਾਖਲ ਹਨ। ਸਾਸਾਰਾਮ ਅਤੇ ਨਵਾਦਾ 'ਚ ਵੀ ਸੌ ਮਰੀਜ਼ ਵੱਖ-ਵੱਖ ਹਸਪਤਾਲਾਂ 'ਚ ਦਾਖਲ ਹਨ।

ਮਗਧ ਮੈਡੀਕਲ ਹਸਪਤਾਲ ਦੇ ਮੁਖੀ ਡਾ. ਵਿਜੈ ਕ੍ਰਿਸ਼ਨ ਪ੍ਰਸਾਦ ਨੇ ਦੱਸਿਆ ਕਿ ਹੁਣ ਤੱਕ ਜੋ ਵੀ ਮਰੀਜ਼ ਆਏ ਹਨ, ਉਹ ਲੂ ਦਾ ਹੀ ਸ਼ਿਕਾਰ ਹਨ। ਤੇਜ਼ ਗਰਮੀ ਅਤੇ ਲੂ ਕਾਰਨ ਪ੍ਰਭਾਵਿਤ ਖੇਤਰਾਂ ਚ ਦਿਨ ਦੇ 11 ਵਜੇ ਤੋਂ 4 ਵਜੇ ਤਕ ਦੁਕਾਨਾਂ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।

ਹਾਲਾਂਕਿ, ਕਈ ਦੁਕਾਨਾਂ ਖੁੱਲ੍ਹੀਆਂ ਸਨ, ਪਰ ਇੱਕਾ-ਦੁੱਕਾ ਗਾਹਕ ਹੀ ਨਜ਼ਰ ਆ ਰਹੇ ਸਨ। ਦੁਪਹਿਰ ਦੇ ਸਮੇਂ ਆਸਮਾਨ 'ਚ ਹਲਕੇ ਬੱਦਲ ਵੀ ਦਿਸੇ, ਜਿਸ ਨਾਲ ਮੀਂਹ ਦੀ ਉਮੀਦ ਜਾਗੀ, ਪਰ ਦੇਰ ਸ਼ਾਮ ਤੱਕ ਮੀਂਹ ਦੇ ਕੋਈ ਆਸਾਰ ਨਹੀਂ ਸਨ। ਦੇਰ ਸ਼ਾਮ ਨੂੰ ਵੀ ਤੇਜ਼ ਗਰਮ ਹਵਾ ਚੱਲ ਰਹੀ ਸੀ।

Posted By: Jagjit Singh