ਜੇਐੱਨਐੱਨ, ਮਿਰਜ਼ਾਪੁਰ : ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਦੇ ਨੇਵੜੀਆ ਪਿੰਡ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਪਰਿਵਾਰ ਨੇ ਦੋ ਲੋਕਾਂ ਦਾ ਸ਼ਨਿਚਰਵਾਰ ਰਾਤ ਨੂੰ ਹੀ ਸਸਕਾਰ ਕਰ ਦਿੱਤਾ। ਦੂਜੇ ਦਿਨ ਹਾਲਤ ਵਿਗੜਨ 'ਤੇ ਦੋ ਹੋਰ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ ਜਿਨ੍ਹਾਂ ਦੀ ਵੀ ਐਤਵਾਰ ਨੂੰ ਦੇਰ ਰਾਤ ਮੌਤ ਹੋ ਗਈ। ਪੁਲਿਸ ਨੇ ਸੋਮਵਾਰ ਸਵੇਰੇ ਸ਼ਰਾਬ ਬਣਾਉਣ ਵਾਲੇ ਦੋਸ਼ੀ ਗੋਪੀ ਮਿਸ਼ਰਾ ਦੇ ਘਰ ਛਾਪੇਮਾਰੀ ਕਰ ਕੇ ਉਸ ਦੇ ਭਰਾ ਕਾਸ਼ੀ ਮਿਸ਼ਰਾ ਨੂੰ ਹਿਰਾਸਤ ਵਿਚ ਲੈ ਲਿਆ ਹੈ। ਇਸ ਦੌਰਾਨ ਕਈ ਥਾਵਾਂ ਤੋਂ ਭਾਰੀ ਮਾਤਰਾ ਵਿਚ ਲਾਹਨ ਤੇ ਕੱਚੀ ਸ਼ਰਾਬ ਦੀ ਬਰਾਮਦਗੀ ਹੋਈ ਹੈ। ਮਿਲੀ ਸੂਚਨਾ ਮੁਤਾਬਕ ਨੇਵੜੀਆ ਦੇ ਡੂੰਗਰਪੱਟੀ ਮੁਹੱਲੇ ਦੇ ਵਸ਼ਿਸ਼ਟ ਨਾਰਾਇਣ ਉਰਫ਼ ਰਾਜਾ ਤਿਵਾੜੀ, ਗੰਗਾਉਤ ਨਿਵਾਸੀ ਸੁਰੇਸ਼, ਨੇਵੜੀਆ ਨਿਵਾਸੀ ਮਹੇਸ਼ ਨਿਸ਼ਾਦ ਅਤੇ ਛੇਦੀ ਲਾਲ ਨਿਵਾਦ ਨੇ 27 ਫਰਵਰੀ ਨੂੰ ਪਿੰਡ ਨਿਵਾਸੀ ਗੋਪੀ ਮਿਸ਼ਰਾ ਦੇ ਘਰ ਜਾ ਕੇ ਸ਼ਰਾਬ ਪੀਤੀ ਸੀ। ਦੁਪਹਿਰ ਰਾਜਾ ਤਿਵਾੜੀ ਅਤੇ ਸੁਰੇਸ਼ ਦੀ ਹਾਲਤ ਖ਼ਰਾਬ ਹੋਣ 'ਤੇ ਉਨ੍ਹਾਂ ਨੂੰ ਸਥਾਨਕ ਹਸਪਤਾਲ ਲਿਆਇਆ ਗਿਆ। ਸ਼ਾਮ ਨੂੰ ਸੁਧਾਰ ਹੋਣ 'ਤੇ ਪਰਿਵਾਰ ਵਾਲੇ ਉਨ੍ਹਾਂ ਨੂੰ ਘਰ ਲੈ ਗਏ। ਘਰ 'ਚ ਦੋਨੋਂ ਖਾਣਾ ਖਾ ਕੇ ਸੋ ਗਏ। ਰਾਤ ਨੂੰ ਰਾਜਾ ਨੂੰ ਉਲਟੀ ਸ਼ੁਰੂ ਹੋ ਗਈ ਅਤੇ ਕੁਝ ਦੇਰ ਪਿੱਛੋਂ ਉਸ ਦੀ ਮੌਤ ਹੋ ਗਈ। ਰਾਤ ਕਰੀਬ 10 ਵਜੇ ਸੁਰੇਸ਼ ਨੇ ਵੀ ਦਮ ਤੋੜ ਦਿੱਤਾ। 28 ਫਰਵਰੀ ਨੂੰ ਮਹੇਸ਼ ਤੇ ਛੇਦੀ ਲਾਲ ਦੀ ਤਬੀਅਤ ਖ਼ਰਾਬ ਹੋਣ 'ਤੇ ਜ਼ਿਲ੍ਹਾ ਹਸਪਤਾਲ ਲਿਆਇਆ ਗਿਆ, ਉੱਥੋਂ ਦੋਵਾਂ ਨੂੰ ਰੈਫਰ ਕਰ ਦਿੱਤਾ ਗਿਆ। ਪਰਿਵਾਰ ਧਨ ਦੀ ਕਮੀ ਕਾਰਨ ਉਨ੍ਹਾਂ ਨੂੰ ਘਰ ਲੈ ਕੇ ਚਲੇ ਗਏ। ਦੇਰ ਰਾਤ ਇਨ੍ਹਾਂ ਦੋਵਾਂ ਨੇ ਵੀ ਦਮ ਤੋੜ ਦਿੱਤਾ। ਸੋਮਵਾਰ ਨੂੰ ਸਵੇਰੇ ਕਮਿਸ਼ਨਰ ਯੋਗੇਸ਼ਵਰ ਰਾਮ ਮਿਸ਼ਰ, ਆਈਜੀ ਪੀਕੇ ਸ਼੍ਰੀਵਾਸਤਵ, ਐੱਸਪੀ ਅਜੈ ਸਿੰਘ ਨੇ ਵੀ ਪਰਿਵਾਰਾਂ ਤੋਂ ਘਟਨਾਕ੍ਰਮ ਦੀ ਜਾਣਕਾਰੀ ਲਈ। ਐੱਸਪੀ ਅਜੈ ਸਿੰਘ ਨੇ ਦੱਸਿਆ ਕਿ ਸ਼ਰਾਬ ਪੀਣ ਨਾਲ ਦੋ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਦੋ ਦੀਆਂ ਦੇਹਾਂ ਸਾੜ ਦੇਣ ਨਾਲ ਮੌਤ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ। ਜਾਂਚ ਕੀਤੀ ਜਾ ਰਹੀ ਹੈ।

Posted By: Susheel Khanna