ਸਟੇਟ ਬਿਊਰੋ, ਕੋਲਕਾਤਾ : ਕ੍ਰਿਕਟਰ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਨੂੰ ਧਮਕਾਉਣ ਵਾਲੇ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ਉਨ੍ਹਾਂ ਨੂੰ ਫੋਨ 'ਤੇ ਵੱਡੀ ਰਕਮ ਲਈ ਸਾਬਕਾ ਨੌਕਰਾਣੀ ਵੱਲੋਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਉਨ੍ਹਾਂ ਦੀਆਂ ਨਿੱਜੀ ਤਸਵੀਰਾਂ ਤੇ ਫੋਨ ਨੰਬਰ ਵੀ ਲੀਕ ਕਰ ਦੇਣ ਦੀ ਗੱਲ ਕਹੀ ਗਈ ਸੀ। ਉਨ੍ਹਾਂ ਇਸ ਨੂੰ ਲੈ ਕੇ ਜਾਦਵਪੁਰ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੂੰ ਪਤਾ ਲੱਗਾ ਹੈ ਕਿ ਸਾਬਕਾ ਨੌਕਰਾਣੀ ਜਿਸ ਨੰਬਰ ਤੋਂ ਫੋਨ ਕਰਦੀ ਸੀ, ਉਹ ਫੜੇ ਗਏ ਮੁਲਜ਼ਮ ਦਾ ਹੀ ਸੀ।

ਹਸੀਨ ਜਹਾਂ ਨੇ ਥਾਣੇ 'ਚ ਦਰਜ ਸ਼ਿਕਾਇਤ ਵਿਚ ਕਿਹਾ ਸੀ ਕਿ ਸ਼ੀਲਾ ਸਰਕਾਰ ਉਨ੍ਹਾਂ ਦੇ ਇੱਥੇ ਕੰਮ ਕਰਦੀ ਸੀ। ਉਹ ਉਨ੍ਹਾਂ ਨੂੰ ਬੀਤੇ ਸਤੰਬਰ ਮਹੀਨੇ ਤੋਂ ਫੋਨ 'ਤੇ ਲਗਾਤਾਰ ਧਮਕੀਆਂ ਦੇ ਰਹੀ ਹੈ। ਉਨ੍ਹਾਂ ਤੋਂ ਵੱਡੀ ਰਕਮ ਦੀ ਮੰਗ ਕਰ ਰਹੀ ਹੈ। ਖ਼ੁਦ ਨੂੰ ਸ਼ੀਲਾ ਦਾ ਬੇਟਾ ਦੱਸ ਕੇ ਇਕ ਵਿਅਕਤੀ ਵੀ ਉਨ੍ਹਾਂ ਨੂੰ ਧਮਕਾ ਰਿਹਾ ਹੈ। ਕਹਿ ਰਿਹਾ ਹੈ ਕਿ ਰੁਪਏ ਨਾ ਦੇਣ 'ਤੇ ਉਨ੍ਹਾਂ ਦਾ ਨਿੱਜੀ ਫੋਨ ਨੰਬਰ ਅਤੇ ਤਸਵੀਰਾਂ ਇੰਟਰਨੈੱਟ ਮੀਡੀਆ 'ਤੇ ਫੈਲਾਅ ਦਿੱਤੀਆਂ ਜਾਣਗੀਆਂ। ਉਨ੍ਹਾਂ ਦੇ ਨਾਂ ਅਤੇ ਤਸਵੀਰਾਂ ਦਾ ਗ਼ੈਰ-ਕਾਨੂੰਨੀ ਕੰਮ ਵਿਚ ਇਸਤੇਮਾਲ ਕੀਤਾ ਜਾਵੇਗਾ। ਲਗਪਗ ਤਿੰਨ ਮਹੀਨੇ ਤਕ ਇਸ ਤਰ੍ਹਾਂ ਦੀਆਂ ਧਮਕੀਆਂ ਸੁਣਨ ਤੋਂ ਬਾਅਦ ਉਨ੍ਹਾਂ ਬੀਤੀ 22 ਨਵੰਬਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਮੰਗਲਵਾਰ ਨੂੰ ਕੈਨਿੰਗ ਸਟੇਸ਼ਨ ਰੋਡ ਤੋਂ ਦੇਵਰਾਜ ਸਰਕਾਰ ਨੂੰ ਗਿ੍ਫ਼ਤਾਰ ਕਰ ਲਿਆ ਹੈ।

ਦੱਸਣਯੋਗ ਹੈ ਕਿ ਹਸੀਨ ਜਹਾਂ ਵੱਖ-ਵੱਖ ਕਾਰਨਾਂ ਨਾਲ ਸੁਰਖੀਆਂ ਵਿਚ ਰਹੀ ਹੈ। ਰਾਮ ਮੰਦਰ ਨੂੰ ਲੈ ਕੇ ਇੰਟਰਨੈੱਟ ਮੀਡੀਆ 'ਤੇ ਪੋਸਟ ਕਰਨ ਨੂੰ ਲੈ ਕੇ ਵੀ ਉਨ੍ਹਾਂ ਨੂੰ ਧਮਕੀ ਦਿੱਤੀ ਗਈ ਸੀ। ਮੁਹੰਮਦ ਸ਼ਮੀ ਨਾਲ ਉਨ੍ਹਾਂ ਦਾ ਵਿਵਾਦ ਵੀ ਕਾਫ਼ੀ ਸੁਰਖੀਆਂ ਵਿਚ ਰਿਹਾ ਸੀ।