ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਇਨਫੈਕਸ਼ਨ ਦੇ ਕੇਸ ਲਗਾਤਾਰ ਘੱਟ ਰਹੇ ਹਨ। ਸਿਹਤ ਮੰਤਰਾਲੇ ਮੁਤਾਬਕ ਹੁਣ ਤਕ ਲਗਪਗ 90 ਫ਼ੀਸਦੀ ਮਰੀਜ਼ ਠੀਕ ਹੋ ਚੁੱਕੇ ਹਨ ਤੇ ਇਨ੍ਹਾਂ 'ਚੋਂ 61 ਫ਼ੀਸਦੀ ਮਰੀਜ਼ ਛੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹਨ। ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਉਹ ਸੂਬੇ ਹਨ, ਜਿਹੜੇ ਕੋਰੋਨਾ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਇਹ ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਹਨ-ਮਹਾਰਾਸ਼ਟਰ, ਆਂਧਰ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ, ਉੱਤਰ ਪ੍ਰਦੇਸ਼ ਤੇ ਦਿੱਲੀ। ਲਗਾਤਾਰ ਛੇ ਦਿਨ 60 ਹਜ਼ਾਰ ਤੋਂ ਘੱਟ ਨਵੇਂ ਕੇਸ ਮਿਲੇ ਹਨ ਤੇ ਵੱਧ ਗਿਣਤੀ 'ਚ ਮਰੀਜ਼ ਠੀਕ ਵੀ ਹੋਏ ਹਨ। ਪ੍ਰਤੀ ਦਿਨ ਮਰੀਜ਼ਾਂ ਦੀ ਮੌਤ ਦੀ ਗਿਣਤੀ ਵੀ ਘੱਟ ਹੋਈ ਹੈ।

ਸਿਹਤ ਮੰਤਰਾਲੇ ਵੱਲੋਂ ਸ਼ਨਿਚਰਵਾਰ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਮੁਤਾਬਕ ਮਹਾਰਾਸ਼ਟਰ 'ਚ ਸਭ ਤੋਂ ਵੱਧ ਮਰੀਜ਼ ਹਨ ਤੇ ਸਭ ਤੋਂ ਵੱਧ 20.6 ਫ਼ੀਸਦੀ ਮਰੀਜ਼ ਠੀਕ ਵੀ ਹੋਏ ਹਨ। ਇਸੇ ਤਰ੍ਹਾਂ ਹੁਣ ਤਕ ਠੀਕ ਹੋ ਚੁੱਕੇ ਮਰੀਜ਼ਾਂ 'ਚ ਆਂਧਰ ਪ੍ਰਦੇਸ਼ ਦੇ 10.9 ਫ਼ੀਸਦੀ, ਕਰਨਾਟਕ ਦੇ 9.9 ਫ਼ੀਸਦੀ, ਤਾਮਿਲਨਾਡੂ ਦੇ 9.4 ਫ਼ੀਸਦੀ, ਉੱਤਰ ਪ੍ਰਦੇਸ਼ ਦੇ 6.1 ਫ਼ੀਸਦੀ ਤੇ ਦਿੱਲੀ ਦੇ 4.1 ਫ਼ੀਸਦੀ ਮਰੀਜ਼ ਸ਼ਾਮਲ ਹਨ।

ਮੰਤਰਾਲੇ ਮੁਤਾਬਕ ਹੁਣ ਤਕ 70.16 ਲੱਖ ਮਰੀਜ਼ ਠੀਕ ਹੋਏ ਹਨ ਤੇ ਮਰੀਜ਼ਾਂ ਦੇ ਬਿਮਾਰੀ ਤੋਂ ਉਭਰਨ ਦੀ ਦਰ ਵੱਧ ਕੇ 89.78 ਫ਼ੀਸਦੀ ਤਕ ਪਹੁੰਚ ਗਈ ਹੈ। ਇਸ 'ਚ ਬੀਤੇ 24 ਘੰਟਿਆਂ ਦੌਰਾਨ ਠੀਕ ਹੋਏ 67,549 ਮਰੀਜ਼ ਸ਼ਾਮਲ ਹਨ। ਇਸ ਦੌਰਾਨ 53,370 ਨਵੇਂ ਕੇਸ ਮਿਲੇ ਹਨ। ਇਨ੍ਹਾਂ 'ਚੋਂ 80 ਫ਼ੀਸਦੀ ਮਰੀਜ਼ ਸਿਰਫ 10 ਸੂਬਿਆਂ 'ਚ ਮਿਲੇ ਹਨ। ਕੇਰਲ 'ਚ ਸਭ ਤੋਂ ਵੱਧ ਅੱਠ ਹਜ਼ਾਰ ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ। ਕੁਲ ਪੀੜਤਾਂ ਦਾ ਅੰਕੜਾ 78.14 ਲੱਖ 'ਤੇ ਪਹੁੰਚ ਗਿਆ ਹੈ। 650 ਹੋਰ ਮਰੀਜ਼ਾਂ ਦੀ ਮੌਤ ਨਾਲ ਮਿ੍ਤਕਾਂ ਦੀ ਗਿਣਤੀ ਵੀ 1.17 ਲੱਖ ਹੋ ਗਈ ਹੈ। ਹਾਲਾਂਕਿ ਮੌਤ ਦਰ 'ਚ ਲਗਾਤਾਰ ਗਿਰਾਵਟ ਦਾ ਰੁਖ਼ ਬਣਿਆ ਹੋਇਆ ਹੈ ਤੇ ਮੌਜੂਦਾ ਸਮੇਂ ਇਹ 1.51 ਫ਼ੀਸਦੀ ਹੈ। ਸਰਗਰਮ ਮਾਮਲੇ 6.80 ਲੱਖ ਰਹਿ ਗਏ ਹਨ ਜੋ ਕੁਲ ਪੀੜਤਾਂ ਦਾ 8.71 ਫ਼ੀਸਦੀ ਹੈ।

ਸ਼ੁੱਕਰਵਾਰ ਨੂੰ 12.69 ਲੱਖ ਟੈਸਟ

ਭਾਰਤੀ ਮੈਡੀਕਲ ਖੋਜ ਕੌਂਸਲ ਮੁਤਾਬਕ ਕੋਰੋਨਾ ਦਾ ਪਤਾ ਲਗਾਉਣ ਲਈ ਸ਼ੁੱਕਰਵਾਰ ਨੂੰ 12,69,479 ਸੈਂਪਲਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਨੂੰ ਮਿਲਾ ਕੇ 23 ਅਕਤੂਬਰ ਤਕ 10.13 ਕਰੋੜ ਸੈਂਪਲਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ।