ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਖ਼ਿਲਾਫ਼ ਜੰਗ 'ਚ ਭਾਰਤ ਨੂੰ ਇਕ ਹੋਰ ਵੱਡੀ ਪ੍ਰਰਾਪਤੀ ਹਾਸਲ ਹੋਈ ਹੈ। ਦੋ ਮਹੀਨੇ ਬਾਅਦ ਪਹਿਲੀ ਵਾਰ ਸਰਗਰਮ ਮਾਮਲਿਆਂ ਯਾਨੀ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਸੱਤ ਲੱਖ ਤੋਂ ਹੇਠਾਂ ਆ ਗਈ ਹੈ। ਉੱਥੇ ਹੀ ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ 69 ਲੱਖ ਤੋਂ ਪਾਰ ਕਰ ਗਿਆ ਹੈ। ਲਗਾਤਾਰ ਪੰਜਵੇਂ ਦਿਨ 60 ਹਜ਼ਾਰ ਤੋਂ ਘੱਟ ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਕੁਲ ਇਨਫੈਕਟਿਡ ਦੀ ਗਿਣਤੀ 77 ਲੱਖ ਤੋਂ ਵੱਧ ਹੋ ਗਈ ਹੈ। ਇਨਫੈਕਸ਼ਨ ਦਾ ਪਤਾ ਲਗਾਉਣ ਲਈ 10 ਕਰੋੜ ਤੋਂ ਵੱਧ ਨਮੂਨਿਆਂ ਦੀ ਜਾਂਚ ਵੀ ਕੀਤੀ ਜਾ ਚੁੱਕੀ ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਮੁਤਾਬਕ ਕੁਲ ਸਰਗਰਮ ਮਾਮਲੇ 6.95 ਲੱਖ ਰਹਿ ਗਏ ਹਨ, ਜਿਹੜੇ ਕੁਲ ਇਨਫੈਕਟਿਡ ਦਾ 8.96 ਫ਼ੀਸਦੀ ਹੈ। 63 ਦਿਨ ਪਹਿਲਾਂ ਯਾਨੀ 22 ਅਗਸਤ ਨੂੰ 6.97 ਲੱਖ ਸਰਗਰਮ ਮਾਮਲੇ ਸਨ। ਪਿਛਲੇ 24 ਘੰਟਿਆਂ ਦੌਰਾਨ 73,979 ਮਰੀਜ਼ ਠੀਕ ਹੋਏ ਹਨ ਤੇ ਹੁਣ ਤਕ ਸਿਹਤਮੰਦ ਹੋ ਚੁੱਕੇ ਮਰੀਜ਼ਾਂ ਦੀ ਗਿਣਤੀ 69.48 ਲੱਖ ਹੋ ਗਈ ਹੈ, ਜਿਹੜੀ ਸਰਗਰਮ ਮਾਮਲਿਆਂ ਤੋਂ 10 ਗੁਣਾ ਵੱਧ ਹੈ। ਇਸ ਦੌਰਾਨ 54,366 ਨਵੇਂ ਕੇਸ ਮਿਲੇ ਹਨ ਤੇ ਕੁਲ ਇਨਫੈਕਟਿਡ ਦਾ ਅੰਕੜਾ 77.61 ਲੱਖ ਹੋ ਗਿਆ ਹੈ। ਮਹਾਮਾਰੀ ਨਾਲ ਹੋਰ 690 ਲੋਕਾਂ ਦੀ ਮੌਤ ਹੋਈ ਹੈ। ਹੁਣ ਤਕ 1.17 ਲੱਖ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਦੇ ਨਾਲ ਹੀ ਮਰੀਜ਼ਾਂ ਦੇ ਉੱਭਰਨ ਦੀ ਦਰ ਵਧ ਕੇ 89.53 ਫ਼ੀਸਦੀ ਤੇ ਮੌਤ ਦੀ ਦਰ ਡਿੱਗ ਕੇ 1.51 ਫ਼ੀਸਦੀ ਹੋ ਗਈ ਹੈ।

ਮੰਤਰਾਲੇ ਨੇ ਕਿਹਾ ਹੈ ਕਿ ਡਾਕਟਰੀ ਸਹੂਲਤਾਂ 'ਚ ਵਿਸਥਾਰ, ਇਲਾਜ ਲਈ ਜਾਰੀ ਮਾਪਦੰਡ ਇਲਾਜ ਨਿਯਮਾਵਲੀਆਂ ਦਾ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਵੱਲੋਂ ਅਮਲ, ਡਾਕਟਰਾਂ ਤੇ ਬਿਮਾਰੀ ਖ਼ਿਲਾਫ਼ ਮੁਹਰਲੇ ਮੋਰਚੇ 'ਤੇ ਲੜ ਰਹੇ ਸਿਹਤ ਮੁਲਾਜ਼ਮਾਂ ਦੀ ਪ੍ਰਤੀਬੱਧਤਾ ਨਾਲ ਕੋਰੋਨਾ ਦੇ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵਧੀ ਹੈ ਤੇ ਮੌਤ ਦੀ ਦਰ ਘਟੀ ਹੈ।

ਅੰਕੜਿਆਂ ਮੁਤਾਬਕ ਦੇਸ਼ ਦੇ 24 ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ 'ਚ ਸਰਗਰਮ ਮਾਮਲਿਆਂ ਦੀ ਗਿਣਤੀ 20 ਹਜ਼ਾਰ ਤੋਂ ਘੱਟ ਹੈ। ਮੰਤਰਾਲੇ ਮੁਤਾਬਕ ਠੀਕ ਹੋਣ ਵਾਲੇ ਮਰੀਜ਼ਾਂ 'ਚ 81 ਫ਼ੀਸਦੀ 10 ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਦੇ ਹਨ। ਇਨ੍ਹਾਂ 'ਚ ਮਹਾਰਾਸ਼ਟਰ, ਕਰਨਾਟਕ, ਕੇਰਲ, ਤਾਮਿਲਨਾਡੂ, ਆਂਧਰ ਪ੍ਰਦੇਸ਼, ਬੰਗਾਲ, ਛੱਤੀਸਗੜ੍ਹ, ਦਿੱਲੀ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਸ਼ਾਮਿਲ ਹਨ।

ਵੀਰਵਾਰ ਨੂੰ 14.42 ਲੱਖ ਕੋਰੋਨਾ ਟੈਸਟ

ਭਾਰਤੀ ਮੈਡੀਕਲ ਖੋਜ ਪ੍ਰਰੀਸ਼ਦ ਮੁਤਾਬਕ ਕੋਰੋਨਾ ਇਨਫੈਕਸ਼ਨ ਦਾ ਪਤਾ ਲਗਾਉਣ ਲਈ ਵੀਰਵਾਰ ਨੂੰ 14 ਲੱਖ 42 ਹਜ਼ਾਰ 722 ਨਮੂਨਿਆਂ ਦੀ ਜਾਂਚ ਕੀਤੀ ਗਈ। ਪਿਛਲੇ ਕੁਝ ਦਿਨਾਂ ਤੋਂ 10 ਤੇ 11 ਲੱਖ ਦੇ ਕਰੀਬ ਨਮੂਨਿਆਂ ਦੀ ਜਾਂਚ ਹੋ ਰਹੀ ਸੀ। ਇਸ ਦੇ ਨਾਲ ਹੀ ਹੁਣ ਤਕ ਜਾਂਚੇ ਗਏ ਨਮੂਨਿਆਂ ਦੀ ਗਿਣਤੀ 10.01 ਕਰੋੜ ਹੋ ਗਈ ਹੈ।

ਅਗਲੇ ਤਿੰਨ ਮਹੀਨੇ ਫ਼ੈਸਲਾਕੁੰਨ

ਨਵੀਂ ਦਿੱਲੀ (ਏਜੰਸੀ) : ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ 'ਚ ਕੋਰੋਨਾ ਮਹਾਮਾਰੀ ਦੀ ਸਥਿਤੀ ਤੈਅ ਕਰਨ 'ਚ ਅਗਲੇ ਤਿੰਨ ਮਹੀਨੇ ਫ਼ੈਸਲਾਕੁੰਨ ਹਨ। ਉਨ੍ਹਾਂ ਨੇ ਲੋਕਾਂ ਨੂੰ ਤਿਉਹਾਰੀ ਸੀਜ਼ਨ ਤੇ ਸਰਦੀਆਂ ਦੇ ਮੌਸਮ 'ਚ ਕੋਰੋਨਾ ਦੇ ਪਸਾਰ ਨੂੰ ਰੋਕਣ ਲਈ ਜਾਰੀ ਮਾਪਦੰਡ ਦਿਸ਼ਾ ਨਿਰਦੇਸ਼ਾਂ ਦਾ ਸਖ਼ਤੀ ਤੇ ਇਮਾਨਦਾਰੀ ਨਾਲ ਪਾਲਣ ਕਰਨ ਦੀ ਅਪੀਲ ਕੀਤੀ।

ਹਰਸ਼ਵਰਧਨ ਉੱਤਰ ਪ੍ਰਦੇਸ਼ ਦੇ ਸਿਹਤ ਤੇ ਸਿੱਖਿਆ ਮੰਤਰੀਆਂ ਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਸੂਬੇ 'ਚ ਮਹਾਮਾਰੀ ਨਾਲ ਨਜਿੱਠਣ ਲਈ ਕੀਤੀਆਂ ਗਈਆਂ ਤਿਆਰੀਆਂ ਦੀ ਸਮੀਖਿਆ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਦੌਰਾਨ ਮਹਾਮਾਰੀ ਖ਼ਿਲਾਫ਼ ਜੰਗ 'ਚ ਦੇਸ਼ ਦੇ ਹਾਲਾਤ ਹਰ ਮਾਅਨੇ 'ਚ ਬਿਹਤਰ ਹੋਏ ਹਨ। ਨਵੇਂ ਮਾਮਲੇ ਕਰੀਬ ਇਕ ਲੱਖ ਤੋਂ ਘਟ ਕੇ 50 ਹਜ਼ਾਰ 'ਤੇ ਆ ਗਏ ਹਨ। ਮਰੀਜ਼ਾਂ ਦੇ ਸੁਧਰਨ ਦੀ ਦਰ ਲਗਾਤਾਰ ਵਧੀ ਹੈ ਤੇ ਮੌਤ ਦੀ ਦਰ 'ਚ ਗਿਰਾਵਟ ਦਾ ਰੁਖ਼ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਗਲੇ ਤਿੰਨ ਮਹੀਨੇ ਜੇਕਰ ਅਸੀਂ ਸਹੀ ਤਰੀਕੇ ਨਾਲ ਰਹਿੰਦਾ ਹਾਂ ਤਾਂ ਮਹਾਮਾਰੀ ਖ਼ਿਲਾਫ਼ ਜੰਗ 'ਚ ਸਾਡੀ ਸਥਿਤੀ ਹੋਰ ਬਿਹਤਰ ਹੋਵੇਗੀ।