ਸਟੇਟ ਬਿਊਰੋ, ਕੋਲਕਾਤਾ : ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ ਵਿਚ ਹਸਪਤਾਲ ਵੱਲੋਂ ਇਕ ਬਜ਼ੁਰਗ ਕੋਰੋਨਾ ਮਰੀਜ਼ ਨੂੰ ਮਿ੍ਤ ਐਲਾਨ ਕੀਤੇ ਜਾਣ ਦੇ ਇਕ ਹਫ਼ਤੇ ਬਾਅਦ ਉਹ ਘਰ ਪਰਤ ਆਇਆ। ਏਨਾ ਹੀ ਨਹੀਂ ਜਦੋਂ ਉਹ ਘਰ ਪਰਤਿਆ ਤਾਂ ਉਸ ਦੇ ਸਰਾਧ ਦੀ ਤਿਆਰੀ ਚੱਲ ਰਹੀ ਸੀ।

ਬਿਰਾਟੀ ਦੇ ਰਹਿਣ ਵਾਲੇ 75 ਸਾਲ ਦੇ ਸ਼ਿਵਦਾਸ ਬੰਧੋਪਾਧਿਆਏ ਨੂੰ ਕੋਰੋਨਾ ਇਨਫੈਕਟਿਡ ਹੋਣ 'ਤੇ 11 ਨਵੰਬਰ ਨੂੰ ਬਾਰਾਸਾਤ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਦੋ ਦਿਨ ਬਾਅਦ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਦਿੱਤੀ ਗਈ। ਪ੍ਰਰੋਟੋਕਾਲ ਮੁਤਾਬਕ, ਲਾਸ਼ ਨੂੰ ਪਲਾਸਟਿਕ ਦੀ ਇਕ ਥੈਲੀ ਵਿਚ ਰੱਖਿਆ ਗਿਆ ਸੀ ਅਤੇ ਦੂਰ ਤੋਂ ਪਰਿਵਾਰ ਦੇ ਮੈਂਬਰਾਂ ਨੂੰ ਦਿਖਾਇਆ ਗਿਆ, ਜਿਸ ਦੀ ਵਜ੍ਹਾ ਨਾਲ ਉਹ ਚਿਹਰੇ ਨੂੰ ਸਪਸ਼ਟ ਰੂਪ ਨਾਲ ਨਹੀਂ ਦੇਖ ਸਕੇ।

ਚੱਲ ਰਹੀ ਸੀ ਸ਼ਰਾਧ ਦੀ ਤਿਆਰੀ : ਮਿ੍ਤਕ ਦੇ ਬੇਟੇ ਨੇ ਕਿਹਾ ਕਿ ਅਸੀਂ ਲਾਸ਼ ਦਾ ਅੰਤਿਮ ਸੰਸਕਾਰ ਕੀਤਾ ਅਤੇ ਸਰਾਧ ਲਈ ਤਿਆਰ ਸੀ। ਉਦੋਂ ਸਾਨੂੰ ਫੋਨ ਆਇਆ। ਕਿਸੇ ਨੇ ਦੱਸਿਆ ਕਿ ਸਾਡੇ ਪਿਤਾ ਜੀ ਠੀਕ ਹੋ ਗਏ ਹਨ ਅਤੇ ਅਸੀਂ ਉਨ੍ਹਾਂ ਨੂੰ ਹਸਪਤਾਲ ਤੋਂ ਘਰ ਲਿਆਉਣ ਲਈ ਐਂਬੂਲੈਂਸ ਦੀ ਵਿਵਸਥਾ ਕਰਨੀ ਚਾਹੀਦੀ ਹੈ। ਇਹ ਸੁਣ ਕੇ ਅਸੀਂ ਹੈਰਾਨ ਹੋ ਗਏ। ਅਸੀਂ ਨਹੀਂ ਜਾਣਦੇ ਕਿ ਅਸੀਂ ਕਿਸ ਦਾ ਅੰਤਿਮ ਸੰਸਕਾਰ ਕੀਤਾ ਹੈ। ਜਦੋਂ ਪੁੱਛਗਿੱਛ ਕੀਤੀ ਗਈ ਤਾਂ ਸਿਹਤ ਵਿਭਾਗ ਤੋਂ ਪਤਾ ਲੱਗਾ ਕਿ ਇਕ ਬਜ਼ੁਰਗ ਕੋਰੋਨਾ ਮਰੀਜ਼ ਦੀ 13 ਨਵੰਬਰ ਨੂੰ ਮੌਤ ਹੋ ਗਈ ਸੀ। ਉਹ ਖਡਦਹ ਦੇ ਰਹਿਣ ਵਾਲੇ ਸੀ। ਸਿਹਤ ਵਿਭਾਗ ਨੇ ਮਾਮਲੇ ਦੀ ਜਾਂਚ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਕਿਹਾ ਗਿਆ ਕਿ ਗ਼ਲਤੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।