ਨਵੀਂ ਦਿੱਲੀ (ਪੀਟੀਆਈ) : ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਲਈ ਕਾਂਗਰਸ ਨੇ ਕੇਂਦਰ ਸਰਕਾਰ ਦੀ ਅਲੋਚਨਾ ਕੀਤੀ ਹੈ। ਪਾਰਟੀ ਨੇ ਆਮ ਲੋਕਾਂ ਨੂੰ ਰਾਹਤ ਦੇਣ ਲਈ ਮੋਦੀ ਸਰਕਾਰ ਨੂੰ ਆਪਣੇ ਕਾਰਜਕਾਲ 'ਚ ਹੋਈ ਉਤਪਾਦ ਡਿਊਟੀ ਵਾਧੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਤੇਲ ਦੀਆਂ ਕੀਮਤਾਂ 'ਚ ਵਾਧੇ ਲਈ ਕੇਂਦਰ ਸਰਕਾਰ 'ਤੇ ਹਮਲੇ ਕਰਦੇ ਹੋਏ ਟਵੀਟ ਕੀਤਾ ਕਿ ਆਮ ਲੋਕ ਮਹਿੰਗਾਈ ਤੋਂ ਪਰੇਸ਼ਾਨ ਹਨ ਜਦੋਂਕਿ ਮੋਦੀ ਸਰਕਾਰ ਟੈਕਸ ਇਕੱਠਾ ਕਰਨ 'ਚ ਲੱਗੀ ਹੋਈ ਹੈ।

ਮੋਦੀ ਸਰਕਾਰ 'ਤੇ ਕਾਂਗਰਸ ਦਾ ਹਮਲਾ ਦੇਸ਼ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਆਪਣੇ ਸਰਬੋਤਮ ਪੱਧਰ 'ਤੇ ਚਲੇ ਜਾਣ ਲਈ ਇਕ ਦਿਨ ਬਾਅਦ ਸਾਹਮਣੇ ਆਇਆ ਹੈ। ਇਸ ਹਫ਼ਤੇ ਹੁਣ ਤਕ ਚਾਰ ਵਾਰ ਪੈਟਰੋਲ, ਡੀਜ਼ਲ ਦੀ ਕੀਮਤ ਵਧਾਈ ਜਾ ਚੁੱਕੀ ਹੈ। ਕਾਂਗਰਸੀ ਬੁਲਾਰੇ ਅਜੇ ਮਾਕਨ ਨੇ ਐਤਵਾਰ ਨੂੰ ਕਿਹਾ ਕਿ ਪੈਟਰੋਲ ਦੀ ਕੀਮਤ 85.70 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 75.88 ਰੁਪਏ ਪ੍ਰਤੀ ਲੀਟਰ ਦੇ ਪੱਧਰ 'ਤੇ ਪਹੁੰਚ ਚੁੱਕੀ ਹੈ।

ਪਿਛਲੇ ਸਾਢੇ ਛੇ ਸਾਲਾਂ 'ਚ ਸਿਰਫ ਪੈਟਰੋਲ ਤੇ ਡੀਜ਼ਲ ਦੀ ਉਤਪਾਦ ਡਿਊਟੀ 'ਚ ਵਾਧਾ ਕਰ ਕੇ ਮੋਦੀ ਸਰਾਕਰ 20 ਲੱਖ ਕਰੋੜ ਰੁਪਏ ਹਾਸਲ ਕਰ ਚੁੱਕੀ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਹ 20 ਲੱਖ ਕਰੋੜ ਰੁਪਏ ਕਿੱਥੇ ਗਏ? ਕੀ ਇਹ ਰੁਪਏ ਮੋਦੀ ਦੇ ਪੂੰਜੀਪਤੀ ਮਿੱਤਰਾਂ ਦੀ ਜੇਬ 'ਚ ਗਏ? ਇਹ ਇਕ ਅਜਿਹਾ ਸਵਾਲ ਹੈ ਜਿਸ ਦਾ ਜਵਾਬ ਕਾਂਗਰਸ ਸਰਕਾਰ ਤੋਂ ਜਾਣਨਾ ਚਾਹੁੰਦੀ ਹੈ।

ਤਾਮਿਲਨਾਡੂ ਦੀ ਆਰਥਿਕ ਬਦਹਾਲੀ ਲਈ ਰਾਹੁਲ ਨੇ ਕੇਂਦਰ 'ਤੇ ਸਾਧਿਆ ਨਿਸ਼ਾਨਾ

ਚੇਨਈ (ਏਐੱਨਆਈ) : ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਤਾਮਿਲਨਾਡੂ ਦੀ ਆਰਥਿਕ ਬਦਹਾਲੀ ਲਈ ਕੇਂਦਰ ਸਰਕਾਰ ਦੀਆਂ ਆਰਥਿਕ ਨੀਤੀਆਂ ਦੀ ਅਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਮ ਜਨਤਾ ਨੂੰ ਕੰਟਰੋਲ ਤੇ ਬਲੈਕਮੇਲ ਨਹੀਂ ਕਰ ਸਕਦੇ, ਜਿਵੇਂ ਕਿ ਉਹ ਸੂਬਾ ਸਰਕਾਰ ਨਾਲ ਕਰ ਰਹੇ ਹਨ। ਸਾਬਕਾ ਕਾਂਗਰਸ ਪ੍ਰਧਾਨ ਨੇ ਤਾਮਿਲਨਾਡੂ ਦੇ ਝਰੋਡ ਜ਼ਿਲ੍ਹੇ 'ਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਸੂਬੇ ਪਹਿਲਾਂ ਉਤਪਾਦਨ ਤੇ ਸਨਅਤੀ ਕੇਂਦਰ ਹੁੰਦੇ ਸਨ ਪਰ ਨਰਿੰਦਰ ਮੋਦੀ ਦੀਆਂ ਨੀਤੀਆਂ ਕਾਰਨ ਹੁਣ ਉਹ ਹਾਲਾਤ ਨਹੀਂ ਹਨ।