ਨਵੀਂ ਦਿੱਲੀ (ਪੀਟੀਆਈ) : ਕਰੀਬ ਢਾਈ ਮਹੀਨੇ ਬਾਅਦ ਭਾਰਤ ਤੇ ਚੀਨ ਦੀਆਂ ਫ਼ੌਜਾਂ ਵਿਚਾਲੇ ਐਤਵਾਰ ਨੂੰ ਚੌਥੇ ਦੌਰ ਦੀ ਗੱਲਬਾਤ ਹੋਈ। 11 ਘੰਟੇ ਤੋਂ ਜ਼ਿਆਦਾ ਸਮਾਂ ਚੱਲੀ ਗੱਲਬਾਤ ਵਿਚ ਭਾਰਤ ਨੇ ਇਕ ਵਾਰ ਮੁੜ ਸਪੱਸ਼ਟ ਕਰ ਦਿੱਤਾ ਕਿ ਚੀਨ 'ਤੇ ਹੀ ਤਣਾਅ ਘੱਟ ਕਰਨ ਦੀ ਪੂਰੀ ਜ਼ਿੰਮੇਵਾਰੀ ਹੈ। ਕੋਰ ਕਮਾਂਡਰ ਪੱਧਰ ਦੀ ਇਸ ਗੱਲਬਾਤ ਦਾ ਮੁੱਖ ਮਕਸਦ ਪੂਰਬੀ ਲੱਦਾਖ 'ਚ ਟਕਰਾਅ ਵਾਲੇ ਸਾਰੇ ਸਥਾਨਾਂ ਤੋਂ ਫ਼ੌਜੀਆਂ ਨੂੰ ਹਟਾਉਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣਾ ਹੈ।

ਇਹ ਮੀਟਿੰਗ ਪੂਰਬੀ ਲੱਦਾਖ 'ਚ ਐੱਲਏਸੀ 'ਤੇ ਚੀਨ ਵੱਲੋਂ ਮੋਲਡੋ ਸਰਹੱਦੀ ਖੇਤਰ ਵਿਚ ਸਵੇਰੇ 10 ਵਜੇ ਸ਼ੁਰੂ ਹੋਈ ਤੇ ਰਾਤ ਨੌਂ ਵਜੇ ਤੋਂ ਬਾਅਦ ਤਕ ਚੱਲਦੀ ਰਹੀ। ਭਾਰਤੀ ਵਫ਼ਦ ਦੀ ਅਗਵਾਈ ਲੇਹ ਸਥਿਤ 14ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਪੀਜੀਕੇ ਮੈਨਨ ਨੇ ਕੀਤੀ। ਸੂਤਰਾਂ ਨੇ ਦੱਸਿਆ ਕਿ ਭਾਰਤ ਨੇ ਇਕ ਵਾਰ ਮੁੜ ਜ਼ੋਰ ਦੇ ਕੇ ਕਿਹਾ ਕਿ ਐÎਲਏਸੀ 'ਤੇ ਟਕਰਾਅ ਵਾਲੀਆਂ ਸਾਰੀਆਂ ਥਾਵਾਂ ਤੋਂ ਫ਼ੌਜੀਆਂ ਨੂੰ ਹਟਾਉਣ ਦੀ ਪ੍ਰਕਿਰਿਆ ਦੋਵੇਂ ਪਾਸਿਓਂ ਇਕੱਠਿਆਂ ਸ਼ੁਰੂ ਹੋਣੀ ਚਾਹੀਦੀ ਹੈ। ਕੋਈ ਵੀ ਇਕਪਾਸੜ ਦਿ੍ਸ਼ਟੀਕੋਣ ਉਸ ਨੂੰ ਸਵੀਕਾਰ ਨਹੀਂ ਹੈ। ਚੀਨ ਦਾ ਇਸ ਗੱਲ 'ਤੇ ਜ਼ੋਰ ਹੈ ਕਿ ਰਣਨੀਤਕ ਰੂਪ ਨਾਲ ਅਹਿਮ ਸਥਾਨਾਂ ਤੋਂ ਪਹਿਲਾਂ ਭਾਰਤ ਆਪਣੇ ਸੈਨਿਕਾਂ ਨੂੰ ਪਿੱਛੇ ਹਟਾਏ।

ਸਰਹੱਦ 'ਤੇ ਤਾਇਨਾਤ ਹਨ ਭਾਰਤ ਦੇ 50 ਹਜ਼ਾਰ ਜਵਾਨ

ਭਾਰਤ ਦਾ ਇਹ ਵੀ ਕਹਿਣਾ ਹੈ ਕਿ ਐੱਲਏਸੀ 'ਤੇ ਅਪ੍ਰੈਲ 2020 ਤੋਂ ਪਹਿਲਾਂ ਦੀ ਸਥਿਤੀ ਬਹਾਲ ਹੋਵੇ। ਪੂਰਬੀ ਲੱਦਾਖ ਵਿਚ ਪਹਿਲੀ ਵਾਰ ਪਿਛਲੇ ਸਾਲ ਪੰਜ ਮਈ ਨੂੰ ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿਚਾਲੇ ਟਕਰਾਅ ਹੋਇਆ ਸੀ। ਉਸ ਤੋਂ ਬਾਅਦ ਤੋਂ ਭਾਰੀ ਠੰਢ ਦੇ ਮੌਸਮ ਵਿਚ ਪੂਰਬੀ ਲੱਦਾਖ ਵਿਚ ਭਾਰਤ ਨੇ ਸਾਰੇ ਅਹਿਮ ਸਥਾਨਾਂ 'ਤੇ 50 ਹਜ਼ਾਰ ਤੋਂ ਜ਼ਿਆਦਾ ਫ਼ੌਜੀਆਂ ਨੂੰ ਤਾਇਨਾਤ ਕੀਤਾ ਹੋਇਆ ਹੈ। ਇਹ ਜਵਾਨ ਕਿਸੇ ਵੀ ਹਾਲਾਤ ਦਾ ਸਾਹਮਣਾ ਕਰਨ ਲਈ ਹਰ ਵੇਲੇ ਤਿਆਰ ਹਨ। ਚੀਨ ਨੇ ਵੀ ਆਪਣੇ ਪਾਸੇ ਸੈਨਿਕਾਂ ਦੀ ਤਾਇਨਾਤੀ ਕੀਤੀ ਹੋਈ ਹੈ।