ਮੁੰਬਈ (ਪੀਟੀਆਈ) : ਟੈਲੀਵਿਜ਼ਨ ਰੇਟਿੰਗ ਪੁਆਇੰਟ (ਟੀਆਰਪੀ) ਦੇ ਕਥਿਤ ਘੁਟਾਲੇ ਵਿਚ ਮੁੰਬਈ ਪੁਲਿਸ ਨੇ ਮੰਗਲਵਾਰ ਨੂੰ ਇੱਥੇ ਸਥਾਨਕ ਅਦਾਲਤ ਵਿਚ ਦੋਸ਼ ਪੱਤਰ ਦਾਖ਼ਲ ਕਰ ਦਿੱਤਾ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਰ ਰਹੀ ਕ੍ਰਾਈਮ ਇੰਟੈਲੀਜੈਂਸ ਯੂਨਿਟ (ਸੀਆਈਯੂ) ਨੇ ਮੈਜਿਸਟ੍ਰੇਟ ਕੋਰਟ ਵਿਚ ਇਹ ਦੋਸ਼ ਪੱਤਰ ਦਾਖ਼ਲ ਕੀਤਾ ਹੈ।

ਅਪਰਾਧ ਸ਼ਾਖਾ ਇਸ ਕੇਸ ਵਿਚ ਰਿਪਬਲਿਕ ਟੀਵੀ ਦੇ ਪੱਛਮੀ ਖੇਤਰ ਦੇ ਡਿਸਟ੍ਰੀਬਿਊਸ਼ਨ ਮੁਖੀ ਅਤੇ ਦੋ ਚੈਨਲਾਂ ਦੇ ਮਾਲਕਾਂ ਸਮੇਤ ਹੁਣ ਤਕ 12 ਲੋਕਾਂ ਨੂੰ ਗਿ੍ਫ਼ਤਾਰ ਕਰ ਚੁੱਕੀ ਹੈ। ਇਸ ਘੁਟਾਲੇ ਦਾ ਪਰਦਾਫਾਸ਼ ਰੇਟਿੰਗ ਏਜੰਸੀ ਬ੍ਰਾਡਕਾਸਟ ਆਡੀਅਨਸ ਰਿਸਰਚ ਕੌਂਸਲ (ਬਾਰਕ) ਵੱਲੋਂ ਹੰਸਾ ਰਿਸਰਚ ਗਰੁੱਪ ਰਾਹੀਂਂ ਕੀਤੀ ਗਈ ਸ਼ਿਕਾਇਤ ਪਿੱਛੋਂ ਪਿਛਲੇ ਮਹੀਨੇ ਹੋਇਆ ਸੀ। ਇਸ ਵਿਚ ਕੁਝ ਟੀਵੀ ਚੈਨਲਾਂ 'ਤੇ ਟੀਆਰਪੀ ਵਿਚ ਹੇਰਾਫੇਰੀ ਦਾ ਦੋਸ਼ ਲਗਾਇਆ ਗਿਆ। ਦਰਸ਼ਕਾਂ (ਵਿਊਅਰਸ਼ਿਪ) ਦਾ ਡਾਟਾ ਇਕੱਤਰ ਕਰਨ ਲਈ ਬੈਰੋਮੀਟਰ ਲਗਾਉਣ ਦਾ ਕੰਮ ਹੰਸਾ ਨੂੰ ਹੀ ਸੌਂਪਿਆ ਗਿਆ ਸੀ। ਇਸ ਡਾਟਾ ਤੋਂ ਇਹ ਪਤਾ ਚੱਲਦਾ ਹੈ ਕਿ ਕਿਹੜਾ ਚੈਨਲ ਕਿੰਨੀ ਦੇਰ ਤਕ ਦੇਖਿਆ ਗਿਆ ਅਤੇ ਇਸੇ ਆਧਾਰ 'ਤੇ ਟੀਵੀ ਚੈਨਲਾਂ ਦਾ ਇਸ਼ਤਿਹਾਰ ਮਾਲੀਆ ਨਿਰਭਰ ਕਰਦਾ ਹੈ। ਇਸ ਲਈ ਟੀਆਰਪੀ ਵਿਚ ਅੱਗੇ ਨਿਕਲਣ ਦੀ ਦੌੜ ਮੱਚੀ ਰਹਿੰਦੀ ਹੈ।

ਮੁੰਬਈ ਪੁਲਿਸ ਦੇ ਕਮਿਸ਼ਨਰ ਪਰਮਬੀਰ ਸਿੰਘ ਨੇ ਪਿਛਲੇ ਮਹੀਨੇ ਦਾਅਵਾ ਕੀਤਾ ਸੀ ਕਿ ਰਿਪਬਲਿਕ ਟੀਵੀ ਅਤੇ ਦੋ ਮਰਾਠੀ ਚੈਨਲਾਂ-ਬਾਕਸ ਸਿਨੇਮਾ ਅਤੇ ਫਕਤ ਮਰਾਠੀ ਨੇ ਟੀਆਰਪੀ ਵਿਚ ਹੇਰਾਫੇਰੀ ਕੀਤੀ ਹੈ। ਹਾਲਾਂਕਿ ਰਿਪਬਲਿਕ ਟੀਵੀ ਅਤੇ ਹੋਰ ਦੋਸ਼ੀਆਂ ਨੇ ਟੀਆਰਪੀ ਸਿਸਟਮ ਵਿਚ ਛੇੜਛਾੜ ਜਾਂ ਗੜਬੜੀ ਕਰਨ ਤੋਂ ਇਨਕਾਰ ਕੀਤਾ ਸੀ। ਪੁਲਿਸ ਨੇ ਰਿਪਬਲਿਕ ਟੀਵੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਦੋ ਮੁੱਖ ਸੰਚਾਲਨ ਅਧਿਕਾਰੀ (ਸੀਓਓ) ਅਤੇ ਮੁੱਖ ਵਿੱਤ ਅਧਿਕਾਰੀ (ਸੀਐੱਫਓ) ਨੂੰ ਪੁੱਛਗਿੱਛ ਲਈ ਤਲਬ ਕੀਤਾ ਸੀ। ਦੱਸਣਯੋਗ ਹੈ ਕਿ ਈਡੀ ਨੇ ਵੀ ਇਸ ਘੁਟਾਲੇ ਦੇ ਸਬੰਧ ਵਿਚ ਮਨੀ ਲਾਂਡਰਿੰਗ ਦੀ ਸ਼ਿਕਾਇਤ ਦਰਜ ਕੀਤੀ ਹੈ।