ਜੇਐੱਨਐੱਨ, ਜੰਮੂ : ਪੀਰ ਮਿੱਠਾ ਪੁਲਿਸ ਨੇ ਲਸ਼ਕਰ-ਏ-ਤੋਇਬਾ ਲਈ ਕੰਮ ਕਰਨ ਵਾਲੇ 11 ਮੁਲਜ਼ਮਾਂ ਖਿਲਾਫ਼ ਦੂਜੇ ਐਡੀਸ਼ਨਲ ਸੈਸ਼ਨ ਜੱਜ ਦੇ ਸਾਹਮਣੇ ਚਾਰਜਸ਼ੀਟ ਦਾਇਰ ਕੀਤੀ ਹੈ। ਮੁਲਜ਼ਮਾਂ 'ਚ ਮੁਖਬਰ ਫਾਰੂਕ ਭੱਟ, ਤੌਕੀਰ ਅਹਿਮਦ ਭੱਟ, ਗਾਜ਼ੀ ਇਕਬਾਲ ਭੱਟ, ਖਾਲਿਦ ਲਤੀਫ ਭੱਟ, ਤਾਰਿਕ ਹੁਸੈਨ ਮੀਰ, ਫਾਰੂਕ ਅਹਿਮਦ ਮਲਿਕ, ਫਾਰੂਕ ਅਹਿਮਦ ਭੱਟ, ਮੁਹੰਮਦ ਹੁਸੈਨ ਸਾਰੇ ਵਾਸੀ ਡੋਡਾ ਤੇ ਮੁਹੰਮਦ ਹਾਸ਼ਿਮ ਮਲਿਕ ਵਾਸੀ ਪੱਟਨ ਬਾਰਾਮੁਲਾ ਸ਼ਾਮਲ ਹਨ। ਇਨ੍ਹਾਂ 'ਚੋਂ ਇਕ ਮੁਲਜ਼ਮ ਫਾਰੂਕ ਅਹਿਮਦ ਭੱਟ ਵਾਸੀ ਕੋਠਾਵਾ ਡੋਡਾ ਪਾਕਿਸਤਾਨ 'ਚ ਬੈਠੇ ਅੱਤਵਾਦੀ ਹਾਰੂਨ ਦਾ ਭਰਾ ਹੈ, ਜਿਹੜਾ ਉਸ ਦੇ ਇਸ਼ਾਰੇ 'ਤੇ ਕੰਮ ਕਰਦਾ ਸੀ। ਹਾਰੂਨ ਲਸ਼ਕਰ-ਏ-ਤੋਇਬਾ ਦਾ ਸਰਗਰਮ ਅੱਤਵਾਦੀ ਸੀ, ਜਿਹੜਾ ਸਾਲ 2009 'ਚ ਸਰਹੱਦ ਪਾਰ ਕਰ ਕੇ ਪਾਕਿਸਤਾਨ ਚਲਾ ਗਿਆ ਸੀ। ਉਦੋਂ ਤੋਂ ਉਹ ਉੱਥੇ ਜੰਮੂ ਕਸ਼ਮੀਰ 'ਚ ਅੱਤਵਾਦੀ ਸਰਗਰਮੀਆਂ ਤੇਜ਼ ਕਰਨ 'ਚ ਲੱਗਾ ਹੋਇਆ ਹੈ। ਉਸ ਨੇ ਡੋਡਾ 'ਚ ਆਪਣੇ ਭਰਾ ਦੀ ਮਦਦ ਨਾਲ ਅੱਤਵਾਦੀਆਂ ਦਾ ਵੱਡਾ ਨੈੱਟਵਰਕ ਤਿਆਰ ਕਰ ਲਿਆ ਸੀ। ਪੁਲਿਸ ਨੇ ਇਸ ਨੈੱਟਵਰਕ ਨੂੰ ਤਬਾਹ ਕੀਤਾ ਤਾਂ ਪਤਾ ਲੱਗਾ ਕਿ ਸਾਰੇ ਮੁਲਜ਼ਮਾਂ ਨੂੰ ਅੱਤਵਾਦੀ ਸਰਗਰਮੀਆਂ ਲਈ ਫੰਡਿੰਗ ਵੀ ਹੁੰਦੀ ਰਹੀ ਹੈ। ਪੁਲਿਸ ਨੇ ਅੱਤਵਾਦੀਆਂ ਕੋਲੋਂ ਇਕ ਲੱਖ 90 ਹਜ਼ਾਰ ਰੁਪਏ ਤੇ ਕੁਝ ਹਥਿਆਰ ਬਰਾਮਦ ਕੀਤੇ ਸਨ।