ਨਵੀਂ ਦਿੱਲੀ (ਪੀਟੀਆਈ) : ਫ਼ੌਜ ਮੁਖੀ ਜਨਰਲ ਐੱਮਐੱਮ ਨਰਵਾਣੇ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਦੇ ਵੱਧਦੇ ਕੱਦ ਨਾਲ ਹੀ ਉਸ ਤੋਂ ਜ਼ਿਆਦਾ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਇਸ ਲਈ ਰਣਨੀਤਕ ਪ੍ਰਭਾਵ ਤੇ ਕਾਰਵਾਈ ਕਰਨ ਦੀ ਆਜ਼ਾਦੀ ਬਣਾਈ ਰੱਖਣ ਲਈ ਦੇਸ਼ ਨੂੰ ਆਪਣੀਆਂ ਸਵਦੇਸ਼ੀ ਰੱਖਿਆ ਸਮਰੱਥਾਵਾਂ ਨੂੰ ਵਧਾਉਣਾ ਪਵੇਗਾ। ਹਥਿਆਰਾਂ 'ਤੇ ਵਿਦੇਸ਼ੀ ਨਿਰਭਰਤਾ ਸੰਕਟ ਵੇਲੇ ਕਮਜ਼ੋਰ ਸਾਬਤ ਹੁੰਦੀ ਹੈ।

ਫ਼ੌਜ-ਸਨਅਤ ਭਾਈਵਾਲੀ 'ਤੇ ਇਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਜਨਰਲ ਨਰਵਾਣੇ ਨੇ ਕਿਹਾ ਕਿ ਅਣਸੁਲਝੀ ਸਰਹੱਦਾਂ ਤੇ ਅਤੀਤ 'ਚ ਸਾਡੇ ਦੁਸ਼ਮਣਾਂ ਨਾਲ ਜੰਗਾਂ ਨੇ ਰਵਾਇਤੀ ਜੰਗ ਨਾ ਹੋਣ ਦੀ ਮਿੱਥ ਨੂੰ ਚੁਣੌਤੀ ਦਿੱਤੀ ਹੈ। ਖ਼ਦਸ਼ਾ ਹੈ ਕਿ ਲੁਕਵੀਂ ਜੰਗ, ਖੱਬੇਪੱਖੀ ਤੇ ਚਰਮਪੱਖੀ ਤੇ ਅੱਤਵਾਦ ਨੇ ਹਾਲੇ ਫ਼ੌਜ ਨੂੰ ਉਲਝਾਇਆ ਹੋਇਆ।

ਸੁਸਾਇਟੀ ਆਫ ਇੰਡੀਅਨ ਡਿਫੈਂਸ ਮੈਨੂਫੈਕਚਰਜਜ਼ ਵੱਲੋਂ ਕਰਵਾਏ ਇਸ ਸੈਮੀਨਾਰ 'ਚ ਫ਼ੌਜ ਮੁਖੀ ਨੇ ਕਿਹਾ, 'ਭਾਰਤ ਹੁਣ ਏਸ਼ੀਆ ਖ਼ਾਸ ਕਰ ਕੇ ਦੱਖਣੀ ਏਸ਼ੀਆ 'ਚ ਉਭਰਦੀ ਹੋਈ ਖੇਤਰੀ ਕੌਮਾਂਤਰੀ ਸ਼ਕਤੀ ਹੈ। ਜਿਵੇਂ-ਜਿਵੇਂ ਸਾਡਾ ਕਦਮ ਤੇ ਪ੍ਰਭਾਵ ਵਧੇਗਾ, ਅਸੀਂ ਤੇਜ਼ੀ ਨਾਲ ਜ਼ਿਆਦਾ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਾਂਗੇ।' ਦੇਸ਼ ਦੀਆਂ ਅਣਸੁਲਝੀ ਉੱਤਰੀ ਸਰਹੱਦਾਂ 'ਤੇ ਵੱਧਦੀ ਸੁਰੱਖਿਆ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਜਨਰਲ ਨਰਵਾਣੇ ਨੇ ਕਿਹਾ ਕਿ ਇਨ੍ਹਾਂ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਆਧੁਨਿਕੀਕਰਨ ਰਾਹੀਂ ਲਗਾਤਾਰ ਤੇ ਠੋਸ ਸਮਰੱਥਾ ਨਿਰਮਾਣ ਕੌਮੀ ਵਚਨਬੱਧਤਾ ਹੈ। ਫ਼ੌਜ ਮੁਖੀ ਨੇ ਕਿਹਾ ਕਿ ਭਾਰਤ ਆਪਣੇ ਦੁਸ਼ਮਣਾਂ ਵੱਲੋਂ ਰੱਖਿਆ ਖੇਤਰ 'ਚ ਤੇਜ਼ੀ ਨਾਲ ਕੀਤੇ ਜਾ ਰਹੇ ਆਧੁਨਿਕੀਕਰਨ ਦੇ ਮੁਕਾਬਲੇ ਕੁਝ ਪੱਛੜ ਰਿਹਾ ਸੀ, ਲਿਹਾਜ਼ਾ ਉਨ੍ਹਾਂ ਨੇ ਸਵਦੇਸ਼ੀ ਉਦਯੋਗਾਂ ਨੂੰ ਅਪੀਲ ਕੀਤੀ ਕਿ ਦੇਸ਼ ਦੀਆਂ ਸਮੁੱਚੀਆਂ ਸਮਰੱਥਾਵਾਂ ਨੂੰ ਵਧਾਉਣ ਲਈ ਉਹ ਖੋਜ ਤੇ ਵਿਕਾਸ 'ਚ ਨਿਵੇਸ਼ ਕਰਨ। ਉਨ੍ਹਾਂ ਨੇ ਅੱਗੇ ਕਿਹਾ, 'ਅਸੀਂ ਸਵਦੇਸ਼ੀ ਉਪਕਰਨ ਤੇ ਹਥਿਆਰ ਪ੍ਰਣਾਲੀਆਂ ਖ਼ਰੀਦਣ ਲਈ ਵਚਨਬੱਧ ਹੈ ਕਿਉਂਕਿ ਫ਼ੌਜ ਲਈ ਸਵਦੇਸ਼ੀ ਤਕਨੀਕਾਂ ਤੇ ਹਥਿਆਰਾਂ ਨਾਲ ਜੰਗ ਲੜਨ ਤੇ ਜਿੱਤਣ ਤੋਂ ਜ਼ਿਆਦਾ ਕੁਝ ਵੀ ਪ੍ਰਰੇਰਨਾਦਾਇਕ ਨਹੀਂ ਹੋ ਸਕਦਾ।'