ਜੇਐੱਨਐੱਨ, ਨਵੀਂ ਦਿੱਲੀ : ਜਹਾਂਗੀਰਪੁਰੀ 'ਚ ਕੋਰੋਨਾ ਵਾਇਰਸ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਸ਼ਨਿਚਰਵਾਰ ਨੂੰ ਇਸ ਇਲਾਕੇ ਦੇ ਸੀ ਬਲਾਕ 'ਚ ਇੱਕੋ ਹੀ ਪਰਿਵਾਰ ਦੇ 31 ਲੋਕ ਕੋਰੋਨਾ ਇਨਫੈਕਟਿਡ ਪਾਏ ਗਏ। ਅਧਿਕਾਰੀਆਂ ਨੇ ਸਾਰੇ ਲੋਕਾਂ ਨੂੰ ਨਰੇਲਾ ਸਥਿਤ ਕੁਆਰੰਟੀਨ ਸੈਂਟਰ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸਾਰੇ ਪੀੜਤ ਇਕ ਕੋਰੋਨਾ ਇਨਫੈਕਟਿਡ ਔਰਤ ਦੇ ਸੰਪਰਕ 'ਚ ਆਏ ਸਨ। ਕੁਝ ਦਿਨ ਪਹਿਲਾਂ ਔਰਤ ਦੀ ਮੌਤ ਹੋ ਚੁੱਕੀ ਹੈ। ਜਹਾਂਗੀਰਪੁਰੀ ਦਾ ਸੀ-ਬਲਾਕ ਪਹਿਲਾਂ ਤੋਂ ਹੀ ਕੰਟੇਨਮੈਂਟ ਜ਼ੋਨ (ਸੀਲ ਜ਼ੋਨ) ਐਲਾਨ ਦਿੱਤਾ ਸੀ।

ਇਨਫੈਕਟਿਡ ਔਰਤ ਦੇ ਸੰਪਰਕ 'ਚ ਆਏ ਹਨ ਸਾਰੇ

ਜਹਾਂਗੀਰਪੁਰੀ ਦੇ ਸੀ-ਬਲਾਕ 'ਚ ਰਹਿਣ ਵਾਲੀ 54 ਸਾਲਾ ਇਕ ਔਰਤ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਦਾਖ਼ਲ ਸੀ। ਉੱਥੇ ਮਾਹਿਰਾਂ ਨੇ ਕੋਰੋਨਾ ਜਾਂਚ ਲਈ ਨਮੂਨੇ ਲਏ ਸਨ। ਜਾਂਚ ਰਿਪੋਰਟ ਆਉਣ ਤੋਂ ਪਹਿਲਾਂ ਹੀ ਔਰਤ ਦੀ ਮੌਤ ਹੋ ਗਈ ਸੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ 6 ਅਪ੍ਰੈਲ ਨੂੰ ਅੰਤਿਮ ਸੰਸਕਾਰ ਕਰ ਦਿੱਤਾ। 8 ਅਪ੍ਰੈਲ ਨੂੰ ਔਰਤ 'ਚ ਕੋਰੋਨਾ ਹੋਣ ਦੀ ਰਿਪੋਰਟ ਆਈ। ਇਸ ਤੋਂ ਬਾਅਦ ਅਧਿਕਾਰੀਆਂ ਨੇ ਜਲਦੀ-ਜਲਦੀ 'ਚ ਉਸ ਦੇ 15 ਰਿਸ਼ਤੇਦਾਰਾਂ ਨੂੰ ਨਰੇਲਾ 'ਚ ਇਕਾਂਤਵਾਸ 'ਚ ਰੱਖਿਆ ਸੀ। ਇਸ ਦੇ ਨਾਲ ਹੀ ਪੂਰਾ ਸੀ-ਬਲਾਕ ਸੀਲ ਕਰ ਕੇ ਲੋਕਾਂ 'ਚ ਕੋਰੋਨਾ ਦੀ ਜਾਂਚ ਲਈ ਸਰਵੇ ਕੀਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸੀ-ਬਲਾਕ ਤੇ ਆਸ-ਪਾਸ ਦੇ ਇਲਾਕਿਆਂ ਤੋਂ 82 ਲੋਕਾਂ ਦੇ ਕੋਰੋਨਾ ਜਾਂਚ ਲਈ ਨਮੂਨੇ ਲਏ ਗਏ ਸਨ। ਇਨ੍ਹਾਂ ਵਿਚ ਸੀ ਬਲਾਕ ਦੇ 31 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।

ਹੌਟਸਪੌਟ ਬਣਿਆ ਜਹਾਂਗੀਰਪੁਰੀ

ਜਹਾਂਗੀਰਪੁਰੀ ਦੇ ਬਲਾਕ-ਸੀ 'ਚ ਕੋਰੋਨਾ ਦੇ 31 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਨੇ ਪੂਰਾ ਇਲਾਕਾ ਸੀਲ ਕਰ ਦਿੱਤਾ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਬੀ ਬਲਾਕ 'ਚ ਚਾਰ ਮਾਮਲੇ ਮਿਲੇ ਸਨ। ਅਧਿਕਾਰੀਆਂ ਨੇ ਪੂਰਾ ਬਲਾਕ ਸੀਲ ਕਰ ਕੇ ਘਰ-ਘਰ ਜਾ ਕੇ ਸਰਵੇ ਕੀਤਾ ਸੀ। ਹੁਣ ਚਾਰੇ ਪੀੜਤ ਠੀਕ ਹੋ ਚੁੱਕੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਹਾਂਗੀਰਪੁਰੀ 'ਚ ਆਉਣ ਵਾਲੇ ਦੋ ਹਫ਼ਤੇ ਕਾਫ਼ੀ ਅਹਿਮ ਹਨ। ਫਿਲਹਾਲ ਇੱਥੇ ਕਈ ਲੋਕਾਂ ਦੀ ਜਾਂਚ ਰਿਪੋਰਟ ਨਹੀਂ ਆਈ ਹੈ।

Posted By: Seema Anand