ਮੁੰਬਈ (ਨਈ ਦੁਨੀਆ) : ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 'ਚ ਹੁਣ ਤਕ ਕਾਂਗਰਸ ਅਤੇ ਰਾਸ਼ਟਰਵਾਦੀ ਕਾਂਗਰਸ ਨੂੰ ਹੀ ਝਟਕੇ ਲੱਗਣ ਦੀ ਖ਼ਬਰ ਸਾਹਮਣੇ ਆ ਰਹੀ ਹੈ ਪਰ ਹੁਣ ਸ਼ਿਵਸੇਨਾ ਨੂੰ ਵੀ ਪਾਰਟੀ ਦੇ ਅੰਦਰੂਨੀ ਕਲੇਸ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੀਟਾਂ ਦੀ ਵੰਡ ਤੋਂ ਨਾਰਾਜ਼ ਸ਼ਿਵਸੇਨਾ ਦੇ 25 ਕੌਂਸਲਰਾਂ ਨੇ 300 ਵਰਕਰਾਂ ਨਾਲ ਆਪਣਾ ਅਸਤੀਫ਼ਾ ਸ਼ਿਵਸੇਨਾ ਮੁਖੀ ਊਧਵ ਠਾਕਰੇ ਨੂੰ ਭੇਜ ਦਿੱਤਾ ਹੈ।

ਇਸ ਤੋਂ ਬਾਅਦ ਮਹਾਰਾਸ਼ਟਰ ਦੀ ਸਿਆਸਤ 'ਚ ਵੀ ਗਰਮੀ ਵਧ ਗਈ ਹੈ। ਸਾਹਮਣੇ ਆ ਰਹੀ ਜਾਣਕਾਰੀ ਅਨੁਸਾਰ ਅਸਤੀਫ਼ਾ ਭੇਜਣ ਵਾਲੇ ਕੌਂਸਲਰ ਸ਼ੁਰੂ ਤੋਂ ਹੀ ਟਿਕਟ ਵੰਡ ਸੂਚੀ 'ਚ ਸਾਹਮਣੇ ਆ ਰਹੀ ਤਰੁੱਟੀ ਨੂੰ ਲੈ ਕੇ ਨਾਰਾਜ਼ ਸਨ ਪਰ ਭਾਜਪਾ ਨਾਲ ਸ਼ਿਵਸੇਨਾ ਦੇ ਗਠਜੋੜ ਤੋਂ ਬਾਅਦ ਹੋਈ ਸੀਟਾਂ ਦੀ ਵੰਡ ਨੇ ਇਨ੍ਹਾਂ ਦੀ ਨਾਰਾਜ਼ਗੀ ਹੋ ਵਧਾ ਦਿੱਤੀ।

ਸ਼ਿਵਸੇਨਾ ਦੇ ਕੌਂਸਲਰਾਂ ਵੱਲੋਂ ਅਸਤੀਫ਼ਾ ਭੇਜਣ ਤੋਂ ਬਾਅਦ ਨਾ ਸਿਰਫ ਸ਼ਿਵਸੇਨਾ, ਸਗੋਂ ਭਾਜਪਾ ਦੀਆਂ ਮੁਸ਼ਕਿਲਾਂ ਵੀ ਵਧਣੀਆਂ ਤੈਅ ਹਨ ਕਿਉਂਕਿ ਗਠਜੋੜ ਤੋਂ ਬਾਅਦ ਕੁਝ ਸੀਟਾਂ ਅਜਿਹੀਆਂ ਹਨ, ਜਿੱਥੇ ਸ਼ਿਵਸੇਨਾ ਦਾ ਦਬਦਬਾ ਰਿਹਾ ਹੈ, ਪਰ ਇਸ ਵਾਰ ਭਾਜਪਾ ਨੇ ਉੱਥੋਂ ਆਪਣੇ ਉਮੀਦਵਾਰਾਂ ਨੂੰ ਉਤਾਰਿਆ ਹੈ। ਇਸ ਤਰ੍ਹਾਂ ਸਥਾਨਕ ਆਗੂਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਦੋਵੇਂ ਹੀ ਪਾਰਟੀਆਂ ਲਈ ਔਖਾ ਹੋਵੇਗਾ।

Posted By: Jagjit Singh