ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਇਨਫੈਕਸ਼ਨ ਦੀ ਲਪੇਟ 'ਚ ਆਏ ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਦਰ ਲਗਾਤਾਰ ਵੱਧ ਰਹੀ ਹੈ। ਹੁਣ ਤਕ ਕਰੀਬ 60 ਫ਼ੀਸਦੀ ਮਰੀਜ਼ ਸਿਹਤਮੰਦ ਹੋ ਚੁੱਕੇ ਹਨ। ਗਿਣਤੀ ਦੇ ਲਿਹਾਜ਼ ਨਾਲ ਗੱਲ ਕਰੀਏ ਤਾਂ ਇਹ 3.34 ਲੱਖ ਮਰੀਜ਼ਾਂ ਤੋਂ ਜ਼ਿਆਦਾ ਹੈ। ਸਿਹਤਮੰਦ ਹੋਏ ਮਰੀਜ਼ਾਂ ਤੇ ਸਰਗਰਮ ਮਾਮਲਿਆਂ ਵਿਚਾਲੇ ਫਰਕ ਵੀ ਵੱਧ ਰਿਹਾ ਹੈ। ਠੀਕ ਹੋਏ ਮਰੀਜ਼ਾਂ ਦੀ ਗਿਣਤੀ ਸਰਗਰਮ ਮਾਮਲਿਆਂ ਨਾਲੋਂ 1.19 ਲੱਖ ਤੋਂ ਜ਼ਿਆਦਾ ਹੋ ਗਈ ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 18,552 ਨਵੇਂ ਮਾਮਲੇ ਮਿਲੇ ਹਨ ਤੇ 418 ਲੋਕਾਂ ਦੀ ਮੌਤ ਹੋਈ ਹੈ। ਨਾਲ ਹੀ ਇਨਫੈਕਟਿਡ ਮਰੀਜ਼ਾਂ ਦਾ ਅੰਕੜਾ ਵੱਧ ਕੇ 5,66,840 'ਤੇ ਪੁੱਜ ਗਿਆ ਹੈ। ਇਨ੍ਹਾਂ ਵਿਚੋਂ 66 ਫ਼ੀਸਦੀ ਮਾਮਲੇ ਸਿਰਫ ਜੂਨ ਦੇ ਮਹੀਨੇ 'ਚ ਹੀ ਸਾਹਮਣੇ ਆਏ ਹਨ। ਮਿ੍ਤਕਾਂ ਦੀ ਗਿਣਤੀ 16,893 ਹੋ ਗਈ ਹੈ। ਸਰਗਰਮ ਮਾਮਲੇ ਸਿਰਫ 2,15,125 ਹੀ ਰਹਿ ਗਏ ਹਨ। ਹੁਣ ਤਕ 3,34,821 ਮਰੀਜ਼ ਪੂਰੀ ਤਰ੍ਹਾਂ ਸਿਹਤਮੰਦ ਹੋ ਕੇ ਆਪਣੇ ਘਰ ਜਾ ਚੁੱਕੇ ਹਨ। ਇਸ ਤਰ੍ਹਾਂ ਸਿਹਤਮੰਦ ਹੋਣ ਵਾਲੇ ਮਰੀਜ਼ਾਂ ਦੀ ਦਰ ਵਧ ਕੇ 59.07 ਹੋ ਗਈ ਹੈ।

ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਤੋਂ ਪੀਟੀਆਈ ਤੇ ਹੋਰ ਸਰੋਤਾਂ ਤੋਂ ਮਿਲੀਆਂ ਸੂਚਨਾਵਾਂ ਮੁਤਾਬਕ ਸੋਮਵਾਰ ਦੇਰ ਰਾਤ ਤੋਂ ਹੁਣ ਤਕ 13,472 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਨਫੈਕਟਿਡਾਂ ਦੀ ਗਿਣਤੀ 5,73,096 ਹੋ ਗਈ ਹੈ। ਇਨ੍ਹਾਂ ਵਿਚੋਂ 3,55,774 ਲੋਕ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਤੇ ਸਰਗਰਮ ਮਾਮਲੇ 2,17,322 ਹੀ ਰਹਿ ਗਏ ਹਨ। ਹੁਣ ਤਕ 17,307 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਮੰਗਲਵਾਰ 414 ਲੋਕਾਂ ਦੀ ਜਾਨ ਗਈ, ਜਿਨ੍ਹਾਂ ਵਿਚ ਸਭ ਤੋਂ ਜ਼ਿਆਦਾ ਮਹਾਰਾਸ਼ਟਰ 'ਚ 245, ਤਾਮਿਲਨਾਡੂ 'ਚ 60, ਉੱਤਰ ਪ੍ਰਦੇਸ਼ 'ਚ 25, ਗੁਜਰਾਤ ਤੇ ਕਰਨਾਟਕ 'ਚ 20-20, ਮਹਾਰਾਸ਼ਟਰ 'ਚ 15, ਮੱਧ ਪ੍ਰਦੇਸ਼ 'ਚ ਅੱਠ, ਆਂਧਰ ਪ੍ਰਦੇਸ਼ 'ਚ ਸੱਤ, ਹਰਿਆਣਾ ਤੇ ਰਾਜਸਥਾਨ 'ਚ ਚਾਰ-ਚਾਰ, ਓਡੀਸ਼ਾ 'ਚ ਦੋ ਤੇ ਕੇਰਲ, ਹਿਮਾਚਲ, ਅਸਾਮ ਤੇ ਪੁਡੂਚੇਰੀ 'ਚ ਇਕ-ਇਕ ਮੌਤ ਸ਼ਾਮਲ ਹੈ।

ਮਹਾਰਾਸ਼ਟਰ 'ਚ ਚਾਰ ਦਿਨ ਬਾਅਦ ਪੰਜ ਹਜ਼ਾਰ ਤੋਂ ਘੱਟ ਮਾਮਲੇ

ਮਹਾਰਾਸ਼ਟਰ 'ਚ ਚਾਰ ਦਿਨ ਬਾਅਦ ਪੰਜ ਹਜ਼ਾਰ ਤੋਂ ਘੱਟ ਮਾਮਲੇ ਸਾਹਮਣੇ ਆਏ ਹਨ। ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਸੂਬੇ 'ਚ ਪੰਜ ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਮਿਲੇ ਰਹੇ ਸਨ। ਮੰਗਲਵਾਰ 4,878 ਨਵੇਂ ਮਾਮਲੇ ਸਾਹਮਣੇ ਆਏ ਪਰ 245 ਲੋਕਾਂ ਦੀ ਜਾਨ ਚਲੀ ਗਈ। ਸੂਬੇ 'ਚ ਹੁਣ ਤਕ ਸਾਹਮਣੇ ਆਏ ਮਰੀਜ਼ਾਂ ਦੀ ਗਿਣਤੀ ਵੱਧ ਕੇ 1,74,761 ਹੋ ਗਈ ਹੈ, ਜਦਕਿ 7,855 ਲੋਕ ਇਸ ਮਹਾਮਾਰੀ ਦੇ ਸ਼ਿਕਾਰ ਹੋ ਚੁੱਕੇ ਹਨ।

ਸੂਬੇ 'ਚ ਹੁਣ ਤਕ 4,861 ਪੁਲਿਸ ਮੁਲਾਜ਼ਮ ਵੀ ਇਨਫੈਕਟਿਡ ਹੋ ਚੁੱਕੇ ਹਨ ਪਰ ਸਕੂਨ ਦੀ ਗੱਲ ਇਹ ਹੈ ਕਿ ਮੁੰਬਈ ਦੀ ਸਭ ਤੋਂ ਵੱਡੀ ਝੁੱਗੀ ਬਸਤੀ ਧਾਰਾਵੀ 'ਚ ਇਨਫੈਕਸ਼ਨ ਕਾਬੂ 'ਚ ਆ ਗਿਆ ਹੈ। ਉਥੇ ਹੁਣ ਨਵੇਂ ਮਾਮਲੇ ਬਹੁਤ ਘੱਟ ਮਿਲ ਰਹੇ ਹਨ। ਮੰਗਲਵਾਰ ਨੂੰ ਵੀ ਛੇ ਮਾਮਲੇ ਮਿਲੇ। ਹੁਣ ਇਸ ਬਸਤੀ 'ਚ 2,268 ਮਿਲ ਚੁੱਕੇ ਹਨ।

ਦੱਖਣੀ ਭਾਰਤ 'ਚ ਤੇਜ਼ੀ ਨਾਲ ਵੱਧ ਰਹੇ ਹਨ ਮਾਮਲੇ

ਤਾਮਿਲਨਾਡੂ ਸਮੇਤ ਦੱਖਣੀ ਭਾਰਤ ਦੇ ਸੂਬਿਆਂ 'ਚ ਕੋਰੋਨਾ ਦਾ ਕਹਿਰ ਘੱਟ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਤਾਮਿਲਨਾਡੂ 'ਚ ਤਾਂ ਲਗਾਤਾਰ ਚਾਰ ਹਜ਼ਾਰ ਦੇ ਕਰੀਬ ਨਵੇਂ ਮਾਮਲੇ ਮਿਲ ਰਹੇ ਹਨ। ਮੰਗਲਵਾਰ ਨੂੰ ਵੀ 3,943 ਨਵੇਂ ਕੇਸ ਮਿਲੇ ਤੇ ਮਰੀਜ਼ਾਂ ਦੀ ਗਿਣਤੀ ਵੱਧ ਕੇ 90,167 ਹੋ ਗਈ ਹੈ। ਆਂਧਰ ਪ੍ਰਦੇਸ਼ 'ਚ 704 ਨਵੇਂ ਕੇਸ ਮਿਲੇ ਹਨ, ਜਦਕਿ ਕਰਨਾਟਕ 'ਚ 947 ਤੇ ਕੇਰਲ 'ਚ 131 ਮਾਮਲੇ ਮਿਲੇ ਹਨ। ਆਂਧਰ ਪ੍ਰਦੇਸ਼ 'ਚ ਹੁਣ ਤਕ ਸਾਹਮਣੇ ਆਏ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 14,595, ਕਰਨਾਟਕ 'ਚ 15,242 ਤੇ ਕੇਰਲਾ 'ਚ 4,442 ਹੋ ਗਈ ਹੈ।

ਉੱਤਰ ਪ੍ਰਦੇਸ਼ 'ਚ ਸਥਿਤੀ ਗੰਭੀਰ

ਉੱਤਰ ਪ੍ਰਦੇਸ਼ 'ਚ ਲਗਾਤਾਰ ਮਾਮਲੇ ਤੇ ਮੌਤਾਂ ਵੱਧ ਰਹੀਆਂ ਹਨ। ਸੂਬੇ 'ਚ ਹੋਰ 664 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 25 ਲੋਕਾਂ ਦੀ ਮੌਤ ਹੋ ਗਈ ਹੈ। ਇਕ ਦਿਨ 'ਚ ਮਰਨ ਵਾਲਿਆਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ। ਸੂਬੇ 'ਚ ਹੁਣ ਤਕ 23,492 ਮਰੀਜ਼ ਮਿਲ ਚੁੱਕੇ ਹਨ ਤੇ 697 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸੇ ਤਰ੍ਹਾਂ 652 ਨਵੇਂ ਕੇਸਾਂ ਨਾਲ ਬੰਗਾਲ 'ਚ ਹੁਣ ਤਕ 18,559, ਮੱਧ ਪ੍ਰਦੇਸ਼ 'ਚ 223 ਨਵੇਂ ਕੇਸਾਂ ਨਾਲ 13,593, ਹਰਿਆਣਾ 'ਚ 338 ਮਾਮਲਿਆਂ ਨਾਲ 14,548, ਰਾਜਸਥਾਨ 'ਚ 94 ਕੇਸਾਂ ਨਾਲ 17,754 ਤੇ 206 ਨਵੇਂ ਮਾਮਲਿਆਂ ਨਾਲ ਓਡੀਸ਼ਾ 'ਚ 7,065 ਮਾਮਲੇ ਸਾਹਮਣੇ ਆ ਚੁੱਕੇ ਹਨ। ਅੰਡਮਾਨ ਨਿਕੋਬਾਰ ਦੀਪ ਸਮੂਹ 'ਚ ਹੁਣ ਤਕ 97 ਮਾਮਲੇ ਸਾਹਮਣੇ ਆਏ ਹਨ।

ਗੁਜਰਾਤ 'ਚ ਰਿਕਾਰਡ 620 ਨਵੇਂ ਕੇਸ

ਗੁਜਰਾਤ 'ਚ 620 ਨਵੇਂ ਕੇਸ ਮਿਲੇ ਹਨ। ਸੂਬੇ 'ਚ ਇਕ ਦਿਨ 'ਚ ਕੋਰੋਨਾ ਇਨਫੈਕਟਿਡ ਮਰੀਜ਼ਾਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ। ਸੂਬੇ 'ਚ ਹੁਣ ਤਕ 32,446 ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਸ ਮਹਾਮਾਰੀ ਦੀ ਲਪੇਟ 'ਚ ਆਉਣ ਨਾਲ ਹੁਣ ਤਕ 1,848 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਪੁਡੂਚੇਰੀ 'ਚ 31 ਨਵੇਂ ਕੇਸ ਮਿਲੇ ਹਨ ਤੇ ਇਨਫੈਕਟਿਡਾਂ ਦੀ ਗਿਣਤੀ ਵੱਧ ਕੇ 721 ਹੋ ਗਈ ਹੈ। ਅਸਾਮ 'ਚ 41 ਨਵੇਂ ਕੇਸ ਮਿਲੇ ਹਨ ਤੇ ਮਰੀਜ਼ਾਂ ਦੀ ਗਿਣਤੀ 7,835 ਹੋ ਗਈ ਹੈ।