ਨਵੀਂ ਦਿੱਲੀ (ਪੰਜਾਬੀ ਜਾਗਰਣ ਸਪੈਸ਼ਲ) : Lok Sabha Election 2019 'ਚ ਪ੍ਰਚੰਡ ਜਿੱਤ ਤੋਂ ਬਾਅਦ ਨਰਿੰਦਰ ਮੋਦੀ ਦੀ ਅਗਵਾਈ 'ਚ ਦੂਸਰੀ ਸਰਕਾਰ ਦੇ ਮੰਤਰੀ ਮੰਡਲ ਨੇ ਅਕਾਰ ਲੈ ਲਿਆ ਹੈ। ਨੈਸ਼ਨਲ ਇਲੈਕਸ਼ਨ ਵਾਚ ਅਤੇ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ADR) ਨੇ ਵੀਰਵਾਰ ਨੂੰ ਸਹੁੰ ਚੁੱਕਣ ਵਾਲੇ 58 ਵਿਚੋਂ 56 ਮੰਤਰੀਆਂ ਦੇ ਹਲਫ਼ਨਾਮਿਆਂ ਦਾ ਵਿਸ਼ਲੇਸ਼ਣ ਕੀਤਾ ਤਾਂ ਪਾਇਆ ਕਿ 16 ਯਾਨੀ 29 ਫ਼ੀਸਦੀ ਮੰਤਰੀਆਂ 'ਤੇ ਗੰਭੀਰ ਅਪਰਾਧਕ ਮਾਮਲੇ ਦਰਜ ਹਨ। ਨਵੀਂ ਸਰਕਾਰ ਦੀ ਕੈਬਨਿਟ ਦੇ 51 ਯਾਨੀ 91% ਮੰਤਰੀ ਕਰੋੜਪਤੀ ਹਨ। ਉੱਥੇ 50 ਪੁਰਸ਼ ਮੰਤਰੀ ਹਨ ਅਤੇ 6 ਮਹਿਲਾ ਮੰਤਰੀ।

ਇਸ ਵਾਰੀ ਅਪਰਾਧਕ ਮਾਮਲੇ ਵਾਲੇ ਮੰਤਰੀਆਂ ਦੀ ਗਿਣਤੀ ਜ਼ਿਆਦਾ

ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਿਛਲੀ ਸਰਕਾਰ ਨਾਲ ਮੌਜੂਦਾ ਸਰਕਾਰ ਦੀ ਤੁਲਨਾ ਕਰੀਏ ਤਾਂ ਦੇਖਦੇ ਹਾਂ ਕਿ ਇਸ ਵਾਰੀ ਅਪਰਾਧਕ ਮਾਮਲੇ ਵਾਲੇ ਮੰਤਰੀਆਂ ਦੀ ਗਿਣਤੀ ਪਿਛਲੀ ਸਰਕਾਰ ਨਾਲੋਂ ਜ਼ਿਆਦਾ ਹੈ। ਪਿਛਲੀ ਸਰਕਾਰ ਵਿਚ 31 ਫ਼ੀਸਦੀ ਮੰਤਰੀਆਂ 'ਤੇ ਗੰਭੀਰ ਦੋਸ਼ਾਂ ਦੇ ਮਾਮਲੇ ਦਰਜ ਸਨ ਜਦਕਿ ਇਸ ਵਾਰੀ ਇਹ ਅੰਕੜਾ 39 ਫ਼ੀਸਦੀ 'ਤੇ ਜਾ ਪਹੁੰਚਾ ਹੈ। ਪਿਛਲੀ ਸਰਕਾਰ ਵਿਚ 17 ਫ਼ੀਸਦੀ ਅਪਰਾਧਕ ਮਾਮਲੇ ਵਾਲੇ ਮੰਤਰੀ ਸਨ ਜਦਕਿ ਇਸ ਵਾਰੀ ਅੰਕੜਾ 29 ਫ਼ੀਸਦੀ 'ਤੇ ਜਾ ਪਹੁੰਚਿਆ ਹੈ।

ਕਰੋੜਪਤੀ ਮੰਤਰੀਆਂ ਦੀ ਗਿਣਤੀ 'ਚ ਆਈ ਕਮੀ

ਪਿਛਲੀ ਮੋਦੀ ਸਰਕਾਰ ਵਿਚ ਕਰੋੜਪਤੀ ਮੰਤਰੀਆਂ ਦੀ ਗਿਣਤੀ ਇਸ ਵਾਲੇ ਦੇ ਮੁਕਾਬਲੇ ਜ਼ਿਆਦਾ ਸੀ। ਪਿਛਲੀ ਸਰਕਾਰ ਵਿਚ 92 ਫ਼ੀਸਦੀ ਮੰਤਰੀ ਕਰੋੜਪਤੀ ਸਨ ਜਦਕਿ ਇਸ ਵਾਰੀ 91 ਫ਼ੀਸਦੀ ਮੰਤਰੀ ਹੀ ਕਰੋੜਪਤੀ ਹਨ। ਜ਼ਿਆਦਾ ਜਾਇਦਾਦ ਵਾਲੇ ਮੰਤਰੀਆਂ ਵਿਚ ਸਭ ਤੋਂ ਉਪਰ ਹਰਸਿਮਰਤ ਕੌਰ ਬਾਦਲ ਦਾ ਨਾਂ ਹੈ, ਜਿਨ੍ਹਾਂ ਕੋਲ 217 ਕਰੋੜ ਦੀ ਜਾਇਦਾਦ ਹੈ। ਦੂਸਰੇ ਨੰਬਰ 'ਤੇ ਪੀਯੂਸ਼ ਗੋਇਲ ਹਨ ਜਿਨ੍ਹਾਂ ਦੇ ਨਾਂ 95 ਕਰੋੜ ਦੀ ਜਾਇਦਾਦ ਹੈ। ਰਾਓ ਇੰਦਰਜੀਤ ਸਿੰਘ ਦੇ ਨਾਂ 42 ਕਰੋੜ ਅਤੇ ਅਮਿਤ ਸ਼ਾਹ ਦੇ ਨਾਂ 40 ਕਰੋੜ ਦੀ ਜਾਇਦਾਦ ਹੈ।

ਘਟ ਜਾਇਦਾਦ ਵਾਲੇ ਮੰਤਰੀਆਂ 'ਚ ਪ੍ਰਤਾਪ ਸਾਰੰਗੀ ਚਰਚਿਤ ਚਿਹਰਾ

ਨਵੀਂ ਮੋਦੀ ਸਰਕਾਰ ਵਿਚ ਘਟ ਜਾਇਦਾਦ ਵਾਲੇ ਮੰਤਰੀਆਂ 'ਚ ਪ੍ਰਤਾਪ ਸਾਰੰਗੀ ਚਰਚਿਤ ਚਿਹਰਾ ਹਨ। ਉਨ੍ਹਾਂ ਕੋਲ ਸਭ ਤੋਂ ਘਟ ਮਹਿਜ਼ 13 ਲੱਖ ਰੁਪਏ ਦੀ ਜਾਇਦਾਦ ਹੈ। ਦੂਸਰੇ ਨੰਬਰ 'ਤੇ ਕੈਲਾਸ਼ ਚੌਧਰੀ ਹਨ ਜਿਨ੍ਹਾਂ ਕੋਲ 24 ਲੱਖ ਰੁਪਏ ਦੀ ਜਾਇਦਾਦ ਹੈ। ਵੀ. ਮੁਰਲੀਧਰਨ ਕੋਲ 27 ਅਤੇ ਰਾਮੇਸ਼ਵਰ ਤੇਲੀ ਕੋਲ 43 ਲੱਖ ਰੁਪਏ ਦੀ ਜਾਇਦਾਦ ਹੈ। ਜ਼ਿਕਰਯੋਗ ਹੈ ਕਿ ਇਸ ਲੋਕ ਸਭਾ ਚੋਣ ਵਿਚ ਪ੍ਰਤਾਪ ਸਾਰੰਗੀ ਨੇ ਸਾਈਕਲ 'ਤੇ ਚੋਣ ਪ੍ਰਚਾਰ ਕੀਤਾ ਸੀ। 62 ਸਾਲਾ ਸਾਰੰਗੀ ਸ਼ਾਦੀਸ਼ੁਦਾ ਨਹੀਂ ਹਨ ਅਤੇ ਪੂਰੇ ਤਨੋ-ਮਨੋ ਸਮਾਜ ਸੇਵਾ ਵਿਚ ਜੁਟੇ ਰਹਿੰਦੇ ਹਨ। ਲੋਕ ਇਨ੍ਹਾਂ ਨੂੰ ਓਡੀਸ਼ਾ ਦਾ ਮੋਦੀ ਕਹਿੰਦੇ ਹਨ।

14 ਫ਼ੀਸਦੀ ਮੰਤਰੀ 10ਵੀਂ ਤੇ 12ਵੀਂ ਪਾਸ

ਨਵੀਂ ਸਰਕਾਰ ਦੇ ਮੰਤਰੀ ਮੰਡਲ ਵਿਚ ਅੱਠ ਮੰਤਰੀ 10ਵੀਂ ਤੇ 12ਵੀਂ ਪਾਸ ਹਨ, ਜਦਕਿ 84 ਫ਼ੀਸਦੀ ਯਾਨੀ 47 ਮੰਤਰੀ ਗ੍ਰੈਜੂਏਸ਼ਨ ਜਾਂ ਇਸ ਤੋਂ ਉਪਰ ਹਨ। ਨਵੀਂ ਸਰਕਾਰ ਵਿਚ ਸਿਰਫ਼ ਇਕ ਮੰਤਰੀ ਡਿਪਲੋਮਾਧਾਰੀ ਹੈ। ਜ਼ਿਕਰਯੋਗ ਹੈ ਕਿ ਸਾਲ 2014 ਵਿਚ ਸੱਤ ਮਹਿਲਾ ਮੰਤਰੀ ਸਨ ਪਰ ਇਸ ਵਾਰੀ ਇਹ ਗਿਣਤੀ ਛੇ ਹੋ ਗਈ ਹੈ। ਇਸ ਕੈਬਨਿਟ ਵਿਚ ਮੰਤਰੀਆਂ ਦੀ ਔਸਤ ਉਮਰ 65.5 ਸਾਲ ਹੈ। ਨਵੀਂ ਸਰਕਾਰ ਵਿਚ ਸਭ ਤੋਂ ਯੁਵਾ ਮੰਤਰੀ 43 ਸਾਲਾ ਸਮ੍ਰਿਤੀ ਈਰਾਨੀ ਹਨ ਜਿਨ੍ਹਾਂ ਨੂੰ ਮਹਿਲਾ ਅਤੇ ਬਾਲ ਵਿਕਾਸ ਤੇ ਕੱਪੜਾ ਮੰਤਰਾਲੇ ਦਾ ਕਾਰਜਭਾਰ ਸੌਂਪਿਆ ਹੈ।

Posted By: Seema Anand