ਜੇਐੱਨਐੱਨ, ਨਵੀਂ ਦਿੱਲੀ : ਅਯੁੱਧਿਆ 'ਚ ਰਾਮ ਜਨਮ ਭੂਮੀ 'ਤੇ ਸ਼ਾਨਦਾਰ ਮੰਦਰ ਬਣਾਉਣ ਦੇ ਕੰਮ 'ਚ ਹੁਣ ਤੇਜ਼ੀ ਆਵੇਗੀ। ਮੰਦਰ ਬਣਾਉਣ ਲਈ ਲਾਰਸਨ ਐਂਡ ਟੁਰਬੋ (ਐੱਲਐੱਨਟੀ) ਨੂੰ 25 ਕਰੋੜ ਰੁਪਏ ਪੇਸ਼ਗੀ ਦੇ ਤੌਰ 'ਤੇ ਦਿੱਤੇ ਜਾਣਗੇ।

ਇਸ ਸਬੰਧੀ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਤੇ ਐੱਲਐੱਨਟੀ ਦਰਮਿਆਨ ਸਮਝੌਤੇ 'ਤੇ ਦਸਤਖ਼ਤ ਹੋਏ ਹਨ। ਇਸ ਤੋਂ ਇਲਾਵਾ ਮੰਦਰ ਬਣਾਉਣ 'ਚ ਮਸ਼ੀਨਾਂ ਨੂੰ ਚਲਾਉਣ 'ਚ ਬਿਜਲੀ ਦਾ ਅੜਿੱਕਾ ਪੈਦਾ ਨਾ ਹੋਵੇ, ਇਸ ਲਈ ਵੀ ਪੂਰੇ ਇੰਤਜ਼ਾਮ ਕੀਤੇ ਜਾ ਰਹੇ ਹਨ। ਵੱਡੀਆਂ ਮਸ਼ੀਨਾਂ ਦੇ ਸੁਚਾਰੂ ਸੰਚਾਲਨ ਲਈ 1200 ਕਿੱਲੋਵਾਟ ਦਾ ਬਿਜਲੀ ਕੁਨੈਕਸ਼ਨ ਲਿਆ ਜਾਵੇਗਾ।

ਇਸ ਤੋਂ ਇਲਾਵਾ ਜਨਰੇਟਰਾਂ ਦਾ ਵੀ ਪ੍ਰਬੰਧ ਹੋਵੇਗਾ। ਅਯੁੱਧਿਆ 'ਚ ਜਨਮ ਭੂਮੀ 'ਤੇ ਰਾਮ ਮੰਦਰ ਬਣਾਉਣ ਦਾ ਕੰਮ ਹੌਲੀ-ਹੌਲੀ ਰਫ਼ਤਾਰ ਫੜ ਰਿਹਾ ਹੈ ਅਤੇ ਇਸ 'ਚ ਆਉਣ ਵਾਲਾ ਹਰ ਤਰ੍ਹਾਂ ਦਾ ਅੜਿੱਕਾ ਖ਼ਤਮ ਕਰਨ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ। ਮੰਦਰ ਬਣਾਉਣ ਦਾ ਕੰਮ ਵੈਸੇ ਤਾਂ ਮੰਨੀ-ਪ੍ਰਮੰਨੀ ਕੰਪਨੀ ਐੱਲਐੱਨਟੀ ਜ਼ਰੀਏ ਹੀ ਹੋਣਾ ਹੈ ਪਰ ਇਸ ਮੁੱਦੇ 'ਤੇ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਅਤੇ ਐੱਲਐੱਨਟੀ 'ਚ ਸਮਝੌਤਾ ਹਾਲੇ ਵਿਚਾਰ ਪ੍ਰਕਿਰਿਆ 'ਚ ਹੈ ਪਰ ਸੂਤਰ ਦੱਸਦੇ ਹਨ ਕਿ ਇਸ ਦਰਮਿਆਨ ਨਿਰਮਾਣ ਕਾਰਜਾਂ ਨੂੰ ਰਫ਼ਤਾਰ ਦੇਣ ਲਈ ਐੱਲਐੱਨਟੀ ਨੂੰ 25 ਕਰੋੜ ਰੁਪਏ ਮੋਬਲਾਈਜੇਸ਼ਨ ਅਡਵਾਂਸ ਯਾਨੀ ਪੇਸ਼ਗੀ ਰਕਮ ਦੇ ਤੌਰ 'ਤੇ ਦਿੱਤੇ ਜਾਣ ਦੀ ਸਹਿਮਤੀ ਬਣੀ ਹੈ।