ਨਵੀਂ ਦਿੱਲੀ : ਰੇਲ ਮੰਤਰਾਲੇ ਨੇ ਰੇਲਵੇ ਦੇ 20 ਹਜ਼ਾਰ ਲਾਇਸੈਂਸਧਾਰੀ ਪੋਰਟਰਾਂ ਤੇ ਸਹਾਇਕਾਂ ਨੂੰ ਰੇਲ ਮੁਲਾਜ਼ਮਾਂ ਵਰਗੀਆਂ ਮੈਡੀਕਲ ਸਹੂਲਤਾਂ ਦੇਣ ਦਾ ਐਲਾਨ ਕੀਤਾ ਹੈ। ਇਸ ਤਹਿਤ ਹੁਣ ਪੋਰਟਰ ਅਤੇ ਸਹਾਇਕਾਂ ਅਤੇ ਉਨ੍ਹਾਂ ਦੇ ਬੀਵੀ-ਬੱਚਿਆਂ ਦਾ ਰੇਲਵੇ ਹਸਪਤਾਲਾਂ ਵਿਚ ਮੁਫ਼ਤ ਇਲਾਜ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਮੁਫ਼ਤ ਟ੍ਰੇਨ ਪਾਸ, ਵਰਦੀ ਅਤੇ ਰੈੱਸਟ ਰੂਮ ਦੇ ਮਾਮਲੇ ਵਿਚ ਵੀ ਪਹਿਲਾਂ ਤੋਂ ਬਿਹਤਰ ਸਹੂਲਤਾਂ ਦੇਣ ਦਾ ਫ਼ੈਸਲਾ ਲਿਆ ਗਿਆ ਹੈ।

ਮੈਡੀਕਲ ਸਹੂਲਤ : ਹੁਣ ਸਟੇਸ਼ਨਾਂ 'ਤੇ ਸਾਮਾਨ ਦੀ ਢੁਆਈ ਸਮੇਤ ਯਾਤਰੀਆਂ ਨੂੰ ਵੱਖ-ਵੱਖ ਸੇਵਾਵਾਂ ਦੇਣ ਵਾਲੇ ਪੋਰਟਰ ਅਤੇ ਸਹਾਇਕ ਰੇਲ ਮੁਲਾਜ਼ਮਾਂ ਦੀ ਤਰ੍ਹਾਂ ਆਪਣਾ ਇਲਾਜ ਰੇਲਵੇ ਦੇ ਹਸਪਤਾਲਾਂ ਵਿਚ ਕਰਵਾ ਸਕਣਗੇ। ਜਿਨ੍ਹਾਂ ਪੋਰਟਰਾਂ ਅਤੇ ਸਹਾਇਕਾਂ ਨੇ ਆਪਣਾ ਨਾਂ ਪ੍ਧਾਨ ਮੰਤਰੀ ਆਯੁਸ਼ਮਾਨ ਭਾਰਤ ਯੋਜਨਾ ਵਿਚ ਦਰਜ ਕਰਵਾ ਲਿਆ ਹੈ, ਉਨ੍ਹਾਂ ਨੂੰ ਵੀ ਇਹ ਸਹੂਲਤ ਪ੍ਰਾਪਤ ਕਰਨ ਦਾ ਹੱਕ ਹੋਵੇਗਾ। ਉਨ੍ਹਾਂ ਦੇ ਇਲਾਜ 'ਤੇ ਆਉਣ ਵਾਲਾ ਖ਼ਰਚ ਰੇਲਵੇ ਆਯੁਸ਼ਮਾਨ ਵਿਭਾਗ ਤੋਂ ਵਸੂਲ ਲਵੇਗਾ।

ਵਰਦੀਆਂ : ਪੋਰਟਰਾਂ ਨੂੰ ਹਾਲੇ ਹਰ ਸਾਲ ਦੋ ਸੂਤੀ ਲਾਲ ਸ਼ਰਟਾਂ ਮਿਲਦੀਆਂ ਹਨ ਅਤੇ ਹਰ ਦੂਜੇ ਸਾਲ ਇਕ ਲਾਲ ਸ਼ਰਟ ਦੇ ਬਦਲੇ ਵਿਚ ਇਕ ਉੱਨੀ ਸ਼ਰਟ ਮਿਲਦੀ ਹੈ। ਪ੍ੰਤੂ ਨਵੇਂ ਨਿਯਮਾਂ ਤਹਿਤ ਹੁਣ ਉਨ੍ਹਾਂ ਨੂੰ ਹਰ ਸਾਲ ਤਿੰਨ ਲਾਲ ਸ਼ਰਟਾਂ ਅਤੇ ਇਕ ਉੱਨੀ ਸ਼ਰਟ ਮਿਲੇਗੀ।

ਰੇਲ ਪਾਸ : ਹਾਲੇ ਸਹਾਇਕਾਂ ਨੂੰ ਇਕ ਸੈੱਟ ਕੰਪਲੀਮੈਂਟਰੀ ਚੈੱਕ ਪਾਸ ਅਤੇ ਇਕ ਪਿ੍ਵਿਲੇਜ ਟਿਕਟ ਆਰਡਰ (ਪੀਟੀਓ) ਖ਼ੁਦ ਅਤੇ ਪਤਨੀ ਲਈ ਮਿਲਦਾ ਹੈ ਪ੍ੰਤੂ ਹੁਣ ਹਰ ਸਾਲ ਖ਼ੁਦ ਅਤੇ ਪਤਨੀ ਲਈ ਦੋ ਪੀਟੀਓ ਮਿਲਣਗੇ। ਇਹੀ ਨਹੀਂ, ਚੈੱਕ ਪਾਸ ਦੀ ਵੈਧਤਾ ਮਿਆਦ ਨੂੰ ਵੀ ਦੇ ਮਹੀਨੇ ਤੋਂ ਵਧਾ ਕੇ ਰੇਲਵੇ ਮੁਲਾਜ਼ਮਾਂ ਦੇ ਸਮਾਨ ਪੰਜ ਮਹੀਨੇ ਕਰ ਦਿੱਤਾ ਗਿਆ ਹੈ।

ਰੈੱਸਟ ਰੂਮ : ਹਾਲੇ ਸਹਾਇਕਾਂ ਨੂੰ ਯਾਤਰੀਆਂ ਲਈ ਬਣੇ ਵੇਟਿੰਗ ਹਾਲ, ਟਾਇਲੈੱਟ, ਕੈਂਟੀਨ ਆਦਿ ਦੀ ਵਰਤੋਂ ਦੀ ਇਜਾਜ਼ਤ ਹੈ। ਸਿਰਫ਼ ਕੁਝ ਸਟੇਸ਼ਨਾਂ 'ਤੇ ਹੀ ਸਹਾਇਕਾਂ ਲਈ ਰੈੱਸਟ ਰੂਮ ਦੀ ਸਹੂਲਤ ਹੈ। ਹੁਣ 50 ਤੋਂ ਜ਼ਿਆਦਾ ਸਹਾਇਕਾਂ ਵਾਲੇ ਸਾਰੇ ਸਟੇਸ਼ਨਾਂ 'ਤੇ ਉਨ੍ਹਾਂ ਲਈ ਰੈੱਸਟ ਰੂਮ ਉਪਲੱਬਧ ਕਰਵਾਏ ਜਾਣਗੇ। ਇਨ੍ਹਾਂ ਵਿਚ ਟੀਵੀ, ਆਰਓ ਵਾਟਰ ਅਤੇ ਬੈੱਡ ਆਦਿ ਜ਼ਰੂਰੀ ਸਹੂਲਤਾਂ ਹੋਣਗੀਆਂ। ਇਨ੍ਹਾਂ ਤੋਂ ਇਲਾਵਾ ਸਹਾਇਕਾਂ ਦੀ ਸਹੂਲਤ ਅਤੇ ਹਲਕੀਆਂ ਟ੍ਰਾਲੀਆਂ, ਹੈਂਡ ਬੈਰੋ ਆਦਿ ਨੂੰ ਆਸਾਨੀ ਨਾਲ ਮੂਵ ਕਰਵਾਉਣ ਲਈ ਸਟੇਸ਼ਨਾਂ ਦਾ ਵਿਸ਼ੇਸ਼ ਕਾਰੀਡੋਰ ਬਣਾਉਣ ਦਾ ਫ਼ੈਸਲਾ ਵੀ ਲਿਆ ਗਿਆ ਹੈ।

ਬੱਚਿਆਂ ਨੂੰ ਮੁਫ਼ਤ ਸਿੱਖਿਆ : ਹੁਣ ਸਹਾਇਕ ਕਿਸੇ ਵੀ ਡਵੀਜ਼ਨ ਦੇ ਕਿਸੇ ਵੀ ਰੇਲਵੇ ਸਕੂਲ ਵਿਚ ਆਪਣੇ ਬੱਚਿਆਂ ਨੂੰ ਪੜ੍ਹਾ ਸਕਣਗੇ। ਹਾਲੇ ਸਿਰਫ਼ ਤਾਇਨਾਤੀ ਵਾਲੇ ਰੇਲਵੇ ਡਵੀਜ਼ਨ ਵਿਚ ਹੀ ਉਨ੍ਹਾਂ ਨੂੰ ਇਹ ਸਹੂਲਤ ਮਿਲਦੀ ਹੈ। ਇਸ ਤੋਂ ਇਲਾਵਾ ਪੋਰਟਰ ਅਤੇ ਸਹਾਇਕਾਂ ਲਈ ਕਿਸੇ ਹੋਰ ਸਹੂਲਤ ਦਾ ਫ਼ੈਸਲਾ ਜ਼ੋਨ ਜਨਰਲ ਮੈਨੇਜਰ ਆਪਣੇ ਪੱਧਰ 'ਤੇ ਲੈ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਰੇਲਵੇ ਬੋਰਡ ਵੱਲੋਂ ਅਧਿਕਾਰ ਦੇ ਦਿੱਤੇ ਗਏ ਹਨ।