ਮਨਾਮਾ (ਏਜੰਸੀ) : ਕੋਵਿਡ-19 ਮਹਾਮਾਰੀ ਦੌਰਾਨ ਭਾਰਤੀ ਮੂਲ ਦੇ ਲੋਕਾਂ ਦਾ ਖ਼ਾਸ ਖਿਆਲ ਰੱਖਣ ਲਈ ਭਾਰਤ ਨੇ ਬਹਿਰੀਨ ਸਰਕਾਰ ਦਾ ਸ਼ੁਕਰੀਆ ਅਦਾ ਕੀਤਾ ਹੈ। ਦੋ ਦਿਨ ਦੀ ਯਾਤਰਾ 'ਤੇ ਮੰਗਲਵਾਰ ਨੂੰ ਬਹਿਰੀਨ ਪੁੱਜੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਆਪਣੇ ਹਮਰੁਤਬਾ ਅਬਦੁਲਾਤਿਫ ਬਿਨ ਰਾਸ਼ਿਦ ਅਲ ਜਯਾਨੀ ਨਾਲ ਦੁਵੱਲੇ ਤੇ ਕੌਮਾਂਤਰੀ ਮਸਲਿਆਂ 'ਤੇ ਚਰਚਾ ਕੀਤੀ।

ਜੈਸ਼ੰਕਰ ਨੇ ਭਾਰਤ ਦੇ ਲੋਕਾਂ ਤੇ ਸਰਕਾਰ ਵੱਲੋਂ ਬਹਿਰੀਨ ਦੇ ਮਰਹੂਮ ਪ੍ਰਧਾਨ ਮੰਤਰੀ ਪਿ੍ਰੰਸ ਖ਼ਲੀਫ਼ਾ ਬਿਨ ਸਲਮਾਨ ਅਲ ਖ਼ਲੀਫ਼ਾ (84) ਦੇ ਦੇਹਾਂਤ 'ਤੇ ਸੰਵੇਦਨਾ ਪ੍ਰਗਟ ਕੀਤੀ। ਭਾਰਤੀ ਵਿਦੇਸ਼ ਮੰਤਰੀ ਨੇ ਪਿ੍ਰੰਸ ਖ਼ਲੀਫ਼ਾ ਦੇ ਪੁੱਤਰ ਤੇ ਬਹਿਰੀਨ ਦੇ ਉਪ ਪ੍ਰਧਾਨ ਮੰਤਰੀ ਸ਼ੇਖ ਅਲੀ ਬਿਨ ਖ਼ਲੀਫ਼ਾ ਅਲ ਖ਼ਲੀਫ਼ਾ ਨੂੰ ਮਿਲ ਕੇ ਸੰਵੇਦਨਾ ਪ੍ਰਗਟਾਈ। ਪਿ੍ਰੰਸ ਖ਼ਲੀਫ਼ਾ ਦਾ 11 ਨਵਬੰਰ ਨੂੰ ਅਮਰੀਕਾ 'ਚ ਇਲਾਜ ਦੌਰਾਨ ਦੇਹਾਂਤ ਹੋ ਗਿਆ ਸੀ। ਉਹ ਆਜ਼ਾਦੀ ਤੋਂ ਇਕ ਸਾਲ ਪਹਿਲਾਂ 1970 'ਚ ਬਹਿਰੀਨ ਦੇ ਪ੍ਰਧਾਨ ਮੰਤਰੀ ਬਣੇ ਸਨ ਤੇ ਆਖ਼ਰੀ ਸਾਹ ਤਕ ਇਸ ਅਹੁਦੇ 'ਤੇ ਬਣੇ ਰਹੇ। ਪਿ੍ਰੰਸ ਖ਼ਲੀਫ਼ਾ ਦੁਨੀਆ 'ਚ ਸਭ ਤੋਂ ਲੰਬੇ ਸਮੇਂ ਤਕ ਪ੍ਰਧਾਨ ਮੰਤਰੀ ਰਹਿਣ ਵਾਲੇ ਨੇਤਾ ਸਨ। ਉਹ ਬਹਿਰੀਨ ਦੇ ਕਿੰਗ ਹਾਮਿਦ ਬਿਨ ਈਸਾ-ਅਲ-ਖ਼ਲੀਫ਼ਾ ਦੇ ਚਾਚਾ ਸਨ। 13 ਨਵੰਬਰ ਨੂੰ ਪਿ੍ਰੰਸ ਖ਼ਲੀਫ਼ਾ ਨੂੰ ਦਫ਼ਨਾਇਆ ਗਿਆ ਸੀ। ਉਸੇ ਦਿਨ ਬਹਿਰੀਨ ਸਥਿਤ ਭਾਰਤੀ ਅੰਬੈਸੀ 'ਚ ਸ਼ੋਕ ਸਭਾ ਕਰ ਕੇ ਮਰਹੂਮ ਨੇਤਾ ਨੂੰ ਸ਼ਰਧਾਂਜਲੀ ਦਿੱਤੀ ਗਈ ਸੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ੋਕ ਸੰਦੇਸ਼ ਪੜਿਆ ਗਿਆ ਸੀ।

200 ਸਾਲ ਪੁਰਾਣੇ ਕ੍ਰਿਸ਼ਣ ਮੰਦਰ ਦੇ ਦਰਸ਼ਨ ਕੀਤੇ

ਵਿਦੇਸ਼ ਮੰਤਰੀ ਜੈਸ਼ੰਕਰ ਨੇ ਬੁੱਧਵਾਰ ਨੂੰ ਬਹਿਰੀਨ 'ਚ ਰਹਿਣ ਵਾਲੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਵਰਚੁਅਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਭਾਰਤ ਨਾਲ ਬਹਿਰੀਨ ਦੇ ਸਬੰਧਾਂ ਦੇ ਵਿਕਾਸ 'ਚ ਭਾਰਤੀ ਮੂਲ ਦੇ ਲੋਕਾਂ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ। ਬਹਿਰੀਨ, ਸੰਯੁਕਤ ਅਰਬ ਅਮੀਰਾਤ ਤੇ ਸੇਸ਼ੇਲਸ ਦੀ ਯਾਤਰਾ 'ਤੇ ਨਿਕਲੇ ਜੈਸ਼ੰਕਰ ਦਾ ਇਹ ਪਹਿਲਾ ਪੜਾਅ ਸੀ। ਇਸ ਦੌਰਾਨ ਉਹ ਰਾਜਧਾਨੀ ਮਨਾਮਾ 'ਚ ਸਥਿਤ 200 ਸਾਲ ਪੁਰਾਣੇ ਭਗਵਾਨ ਸ਼੍ਰੀਕ੍ਰਿਸ਼ਨ ਦੇ ਮੰਦਰ 'ਚ ਦਰਸ਼ਨ ਕਰਨ ਵੀ ਗਏ। ਉੱਥੇ ਵੀ ਉਨ੍ਹਾਂ ਨੇ ਭਾਰਤੀ ਲੋਕਾਂ ਨਾਲ ਗੱਲ ਕੀਤੀ।