ਜੇਐੱਨਐੱਨ, ਕਾਨਪੁਰ : ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸਆਈਟੀ) ਨੇ ਪੰਜਾਬ, ਮੱਧ ਪ੍ਰਦੇਸ਼ ਆਦਿ ਸੂਬਿਆਂ ਦੇ ਜਿਨ੍ਹਾਂ ਸਿੱਖ ਵਿਰੋਧੀ ਦੰਗਾ ਪੀੜਤ ਪਰਿਵਾਰਾਂ ਤੋ ਪੁੱਛਗਿੱਛ ਕੀਤੀ ਹੈ, ਹੁਣ ਉਨ੍ਹਾਂ ਦੇ ਬਿਆਨ ਕੋਰਟ 'ਚ ਦਰਜ ਕਰਵਾਏ ਜਾਣਗੇ। ਦੰਗਾਕਾਰੀਆਂ ਦੇ ਨਾਂ ਸਾਹਮਣੇ ਆਉਣ ਮਗਰੋਂ ਗਿ੍ਫ਼ਤਾਰੀ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਸੋਮਵਾਰ ਸ਼ਾਮ ਨੂੰ ਐੱਸਆਈਟੀ ਦੇ ਐੱਸਪੀ ਬਾਲੇਂਦੂ ਭੂਸ਼ਣ ਨੇ ਸਰਕਟ ਹਾਊਸ 'ਚ ਮੁਕੱਦਮਿਆਂ ਦੀ ਸਮੀਖਿਆ ਕਰ ਕੇ ਇਸ ਬਾਰੇ ਜਾਂਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।

ਐੱਸਪੀ ਨੇ ਕਿਹਾ ਕਿ ਜਿਨ੍ਹਾਂ 19 ਮਾਮਲਿਆਂ ਦੀ ਜਾਂਚ ਚੱਲ ਰਹੀ ਹੈ, ਉਸ ਵਿਚ 10 ਮਾਮਲਿਆਂ 'ਚ ਪੁਖਤਾ ਸਬੂਤ ਤੇ ਗਵਾਹ ਮਿਲ ਚੁੱਕੇ ਹਨ। ਪਿਛਲੇ ਸਾਲ ਟੀਮ ਨੂੰ ਪੰਜਾਬ ਤੇ ਮੱਧ ਪ੍ਰਦੇਸ਼ ਭੇਜ ਕੇ ਪੀੜਤ ਪਰਿਵਾਰਾਂ ਦੇ ਬਿਆਨ ਕਰਵਾਏ ਗਏ ਹਨ। ਛੇਤੀ ਹੀ ਉਨ੍ਹਾਂ ਗਵਾਹਾਂ ਨੂੰ ਸੱਦ ਕੇ ਕੋਰਟ 'ਚ ਵੀ ਬਿਆਨ ਕਰਵਾਏ ਜਾਣਗੇ। ਹਾਲੀਆ ਫੋਰੈਂਸਿਕ ਟੀਮ ਵੱਲੋਂ ਜਿਨ੍ਹਾਂ ਇਕ ਦਰਜਨ ਮਾਮਲਿਆਂ 'ਚ ਘਟਨਾ ਸਥਾਨਾਂ ਦਾ ਨਿਰੀਖਣ ਕੀਤਾ ਗਿਆ ਹੈ, ਉਨ੍ਹਾਂ ਦੀ ਵੀ ਰਿਪੋਰਟ ਨੂੰ ਕੇਸ ਡਾਇਰੀ 'ਚ ਸਾਮਲ ਕੀਤਾ ਜਾ ਰਿਹਾ ਹੈ। ਬਿਆਨਾਂ 'ਚ ਸਾਹਮਣੇ ਆਏ ਮੁਲਜ਼ਮਾਂ ਦੀ ਪਛਾਣ ਦਾ ਕੰਮ ਪੂਰਾ ਕਰਨ ਲਈ ਕਿਹਾ ਹੈ।

77 ਮੁਲਜ਼ਮਾਂ ਦੇ ਨਾਂ ਮਿਲੇ, ਇਸ 'ਚੋਂ 11 ਦੀ ਹੋ ਚੁੱਕੀ ਮੌਤ

ਐੱਸਆਈਟੀ ਨੂੰ ਹੁਣ ਤਕ 10 ਮਾਮਲਿਆਂ 'ਚ 77 ਮੁਲਜ਼ਮਾਂ ਦੇ ਨਾਂ ਪਤਾ ਲੱਗੇ ਹਨ। ਇਸ ਵਿਚੋਂ 40 ਮੁਲਜ਼ਮਾਂ ਦੇ ਜ਼ਿੰਦਾ ਹੋਣ ਤੇ ਵੱਖ-ਵੱਖ ਥਾਵਾਂ 'ਤੇ ਰਹਿਣ ਦੀ ਜਾਣਕਾਰੀ ਮਿਲੀ ਹੈ। ਇਸ 'ਚੋਂ ਅਰਮਾਪੁਰ ਓਐੱਫਸੀ ਮਾਮਲੇ 'ਚ ਦੋ ਮੁਲਜ਼ਮ, ਗੋਵਿੰਦਨਗਰ ਦੇ ਮਾਮਲੇ 'ਚ ਚਾਰ ਤੇ ਪਨਕੀ ਦੀ ਘਟਨਾ 'ਚ ਸਾਹਮਣੇ ਆਏ ਪੰਜ ਮੁਲਜ਼ਮਾਂ ਦਾ ਦੇਹਾਂਤ ਹੋਣ ਦੀ ਜਾਣਕਾਰੀ ਮਿਲੀ ਹੈ।