ਨਈ ਦੁਨੀਆ, ਗਵਾਲੀਅਰ : ਕੋਰੋਨਾ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਦੇ ਮਾਮਲੇ ਵਿਚ ਮੱਧ ਪ੍ਰਦੇਸ਼ ਦੇ ਐਡਵੋਕੇਟ ਜਨਰਲ ਪੁਰਸ਼ੇਂਦਰ ਕੌਰਵ ਨੇ ਬੁੱਧਵਾਰ ਨੂੰ ਹਾਈ ਕੋਰਟ ਨੂੰ ਭਰੋਸਾ ਦਿਵਾਇਆ ਕਿ ਇਸ ਸਬੰਧ ਵਿਚ ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਜਾਵੇਗੀ।

23 ਅਕਤੂਬਰ ਨੂੰ ਹੋਣ ਵਾਲੀ ਅਗਲੀ ਸੁਣਵਾਈ 'ਤੇ ਕਲੈਕਟਰ ਇਸ ਦੀ ਪਾਲਣਾ ਦੀ ਰਿਪੋਰਟ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਗਵਾਲੀਅਰ ਤੇ ਦਤੀਆ ਕਲੈਕਟਰ ਨੂੰ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਮਾਮਲੇ ਦੀ ਸੁਣਵਾਈ ਜਸਟਿਸ ਸ਼ੀਲ ਨਾਗੂ ਤੇ ਰਾਜੀਵ ਕੁਮਾਰ ਸ੍ਰੀਵਾਸਤਵ ਦੇ ਬੈਂਚ ਨੇ ਕੀਤੀ। ਐਡਵੋਕੇਟ ਜਨਰਲ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ ਹੋਏ।

ਅਦਾਲਤ ਨੇ ਗਵਾਲੀਅਰ-ਚੰਬਲ 'ਚ ਹੋਣ ਵਾਲੀਆਂ ਸਿਆਸੀ ਰੈਲੀਆਂ ਦੇ ਸਬੰਧ ਵਿਚ ਆਪਣੇ ਇਕ ਅਹਿਮ ਆਦੇਸ਼ ਵਿਚ ਕਿਹਾ ਕਿ ਹੁਣ ਆਨਲਾਈਨ (ਵਰਚੁਅਲ) ਸਭਾ ਦੇ ਸੰਭਵ ਨਾ ਹੋਣ 'ਤੇ ਹੀ ਆਮ ਰੈਲੀ ਹੋ ਸਕੇਗੀ। ਇਸ ਲਈ ਚੋਣ ਕਮਿਸ਼ਨ ਦੀ ਇਜਾਜ਼ਤ ਜ਼ਰੂਰੀ ਹੋਵੇਗੀ। ਦੱਸਣਯੋਗ ਹੈ ਕਿ ਵਕੀਲ ਆਸ਼ੀਸ਼ ਪ੍ਰਤਾਪ ਸਿੰਘ ਨੇ ਚੋਣ ਰੈਲੀਆਂ ਵਿਚ ਕੋਰੋਨਾ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਲਈ ਪਬਲਿਕ ਪਟੀਸ਼ਨ ਦਾਇਰ ਕੀਤੀ ਹੈ।