ਸਟੇਟ ਬਿਊਰੋ, ਕੋਲਕਾਤਾ : ਕੇਂਦਰੀ ਗ੍ਰਹਿ ਮੰਤਰੀ ਤੇ ਭਾਜਪਾ ਦੇ ਦਿੱਗਜ ਨੇਤਾ ਅਮਿਤ ਸ਼ਾਹ 30 ਜਨਵਰੀ ਨੂੰ ਆਪਣੇ ਬੰਗਾਲ ਦੌਰੇ 'ਤੇ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਦੇ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕਰ ਸਕਦੇ ਹਨ। ਇਸ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿਚ ਫਿਰ ਤੋਂ ਸੌਰਵ ਦੇ ਸਿਆਸਤ ਵਿਚ ਆਉਣ ਦੀਆਂ ਅਟਕਲਾਂ ਸ਼ੁਰੂ ਹੋ ਗਈਆਂ ਹਨ। ਕੁਝ ਦਿਨ ਪਹਿਲਾਂ ਸੌਰਵ ਨੂੰ ਦਿਲ ਦਾ ਹਲਕਾ ਦੌਰਾ ਪੈਣ ਤੋਂ ਬਾਅਦ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਅਗਲੇ ਕੁਝ ਦਿਨਾਂ ਵਿਚ ਗਾਂਗੁਲੀ ਦੀ ਦੂਜੀ ਵਾਰ ਐਂਜੀਓਪਲਾਸਟੀ ਵੀ ਹੋਣੀ ਹੈ।

ਹਸਪਤਾਲ 'ਚ ਦਾਖ਼ਲ ਰਹਿਣ ਦੇ ਸਮੇਂ ਕੇਂਦਰੀ ਗ੍ਹਿ ਮੰਤਰੀ ਨੇ ਉਨ੍ਹਾਂ ਦੀ ਪਤਨੀ ਡੋਨਾ ਗਾਂਗੁਲੀ ਨੂੰ ਫੋਨ ਕਰਕੇ ਦਾਦਾ ਦਾ ਹਾਲਚਾਲ ਪੁੱਿਛਆ ਸੀ ਅਤੇ ਹੁਣ ਉਨ੍ਹਾਂ ਦੇ ਆਪਣੇ ਅਗਲੇ ਬੰਗਾਲ ਦੌਰੇ ਦੇ ਸਮੇਂ ਸੌਰਵ ਦੇ ਬੇਹਲਾ ਸਥਿਤ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕਰਨ ਦੀ ਚਰਚਾ ਹੈ।

ਇਸ ਨੂੰ ਸਿਆਸੀ ਦਿ੍ਸ਼ਟੀਕੋਣ ਤੋਂ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਮੰਨਿਆ ਜਾਂਦਾ ਹੈ ਕਿ ਬੰਗਾਲ ਭਾਜਪਾ ਸੌਰਵ ਨੂੰ ਸਿੱਧੇ ਮੁੱਖ ਮੰਤਰੀ ਤੇ ਤਿ੍ਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਖ਼ਿਲਾਫ਼ ਖੜ੍ਹਾ ਕਰਨਾ ਚਾਹੁੰਦੀ ਹੈ, ਹਾਲਾਂਕਿ ਸੌਰਵ ਕਈ ਵਾਰ ਕਹਿ ਚੁੱਕੇ ਹਨ ਕਿ ਉਨ੍ਹਾਂ ਦੀ ਸਿਆਸਤ ਵਿਚ ਆਉਣ ਦੀ ਕੋਈ ਯੋਜਨਾ ਨਹੀਂ ਹੈ। ਸੌਰਵ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੋਵਾਂ ਨਾਲ ਕਾਫ਼ੀ ਚੰਗੇ ਸਬੰਧ ਹਨ। ਅਮਿਤ ਸ਼ਾਹ ਦੇ ਪੁੱਤਰ ਜੈ ਸ਼ਾਹ ਬੀਸੀਸੀਆਈ ਦੇ ਸਕੱਤਰ ਹਨ ਅਤੇ ਸੌਰਵ ਦੇ ਹਸਪਤਾਲ ਵਿਚ ਦਾਖ਼ਲ ਰਹਿਣ ਦੌਰਾਨ ਉਹ ਉਨ੍ਹਾਂ ਨੂੰ ਦੇਖਣ ਕੋਲਕਾਤਾ ਵੀ ਆਏ ਸਨ।