ਨਵੀਂ ਦਿੱਲੀ (ਪੀਟੀਆਈ) : ਕੋਰੋਨਾ ਇਨਫੈਕਸ਼ਨ ਨੂੰ ਲੈ ਕੇ ਚੱਲ ਰਹੀ ਖੋਜ ਜਾਂ ਅਧਿਐਨ ਵਿਚ ਹਾਲੇ ਇਹ ਪੂਰਨ ਰੂਪ ਨਾਲ ਸਥਾਪਤ ਤਾਂ ਨਹੀਂ ਹੋਇਆ ਹੈ ਕਿ ਹਵਾ ਪ੍ਰਦੂਸ਼ਣ ਨਾਲ ਉਸ ਦਾ ਕੋਈ ਸਬੰਧ ਹੈ, ਪਰ ਲੰਬੇ ਸਮੇਂ ਤਕ ਪ੍ਰਦੂਸ਼ਿਤ ਹਵਾ ਨਿਸ਼ਚਿਤ ਰੂਪ ਨਾਲ ਲੋਕਾਂ ਨੂੰ ਫੇਫੜਿਆਂ ਦੇ ਇਨਫੈਕਸ਼ਨ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਬਣਾ ਦੇਵੇਗੀ। ਵਿਗਿਆਨੀਆਂ ਦੀ ਇਹ ਚਿਤਾਵਨੀ ਇਸ ਮਾਇਨੇ ਵਿਚ ਅਹਿਮ ਹੈ ਕਿਉਂਕਿ ਦਿੱਲੀ ਸਮੇਤ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿਚ ਹਵਾ ਪ੍ਰਦੂਸ਼ਣ ਦੀ ਸਥਿਤੀ ਕਾਫ਼ੀ ਗੰਭੀਰ ਬਣੀ ਹੋਈ ਹੈ ਅਤੇ ਦਿਨੋ-ਦਿਨ ਇਹ ਹੋਰ ਖ਼ਰਾਬ ਹੋ ਰਹੀ ਹੈ।

ਹਾਲਾਂਕਿ, ਵਿਸ਼ਵ ਪੱਧਰ 'ਤੇ ਕਰਵਾਏ ਗਏ ਕੁਝ ਅਧਿਐਨਾਂ ਵਿਚ ਹਵਾ ਪ੍ਰਦੂਸ਼ਣ ਦੇ ਉੱਚ ਪੱਧਰ ਅਤੇ ਕੋਰੋਨਾ ਦੇ ਮਾਮਲਿਆਂ ਵਿਚ ਮੌਤਾਂ 'ਚ ਵਾਧੇ ਵਿਚਾਲੇ ਸੰਭਾਵਤ ਸਬੰਧਾਂ ਵੱਲ ਇਸ਼ਾਰਾ ਕੀਤਾ ਗਿਆ ਹੈ। ਸਤੰਬਰ ਵਿਚ ਅਮਰੀਕਾ 'ਚ ਹਾਵਰਡ ਯੂਨੀਵਰਸਿਟੀ ਦੇ ਖੋਜੀਆਂ ਵੱਲੋਂ ਕੀਤੇ ਗਏ ਅਧਿਐਨ ਵਿਚ ਪਤਾ ਲੱਗਾ ਹੈ ਕਿ ਪੀਐੱਮ (ਕਣਿਕਾ ਤੱਤ) 2.5 ਵਿਚ ਸਿਰਫ਼ ਇਕ ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦਾ ਵਾਧਾ ਕੋਰੋਨਾ ਸਬੰਧੀ ਮੌਤ ਦਰ ਨੂੰ ਅੱਠ ਫ਼ੀਸਦੀ ਤਕ ਵਧਾ ਦਿੰਦਾ ਹੈ। ਪੀਐੱਮ 2.5 ਹਵਾ ਪ੍ਰਦੂਸ਼ਕ ਹੈ ਜਿਹੜਾ ਸਿਹਤ ਲਈ ਬਹੁਤ ਹਾਨੀਕਾਰਕ ਹੈ। ਜਦੋਂ ਇਹ ਹਵਾ ਵਿਚ ਮਿਲਦੇ ਹਨ, ਉਦੋਂ ਹਵਾ ਧੁੰਦਲੀ ਹੋਣੀ ਸ਼ੁਰੂ ਹੋ ਜਾਂਦੀ ਹੈ।

ਹਾਵਰਡ ਯੂਨੀਵਰਸਿਟੀ ਦੇ ਖੋਜੀਆਂ ਵਿਚ ਸ਼ਾਮਲ ਸ਼ਿਆਓ ਵੂ ਨੇ ਕਿਹਾ ਕਿ ਦਿੱਲੀ ਵਿਚ ਪੀਐੱਮ 2.5 ਪੱਧਰ ਵਿਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ ਜਿਹੜਾ ਰਾਸ਼ਟਰੀ ਰਾਜਧਾਨੀ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਆਈ ਤੇਜ਼ੀ ਦਾ ਕਾਰਨ ਹੋ ਸਕਦਾ ਹੈ। ਹਾਲਾਂਕਿ ਇਸ ਸਬੰਧ ਵਿਚ ਜ਼ਿਆਦਾ ਤੱਥਾਂ ਸਮੇਤ ਜਾਣਕਾਰੀ ਨਹੀਂ ਹੈ। ਵਿਦਿਆਨੀਆਂ ਦਾ ਕਹਿਣਾ ਹੈ ਕਿ ਹਵਾ ਪ੍ਰਦੂਸ਼ਣ ਦੀ ਸਥਿਤੀ ਲੰਬੇ ਸਮੇਂ ਤਕ ਬਣੀ ਰਹੀ ਹੈ ਤਾਂ ਇਸ ਨਾਲ ਲੋਕਾਂ ਦੇ ਫੇਫੜੇ ਕਮਜ਼ੋਰ ਹੋਣਗੇ ਅਤੇ ਇਨਫੈਕਸ਼ਨ ਦਾ ਖ਼ਤਰਾ ਵਧ ਜਾਵੇਗਾ।