ਸਟੇਟ ਬਿਊਰੋ, ਨਵੀਂ ਦਿੱਲੀ : ਕੋਰੋਨਾ ਇਨਫੈਕਸ਼ਨ ਦੇ ਵਧਦੇ ਖ਼ਤਰੇ ਨਾਲ ਨਜਿੱਠਣ ਲਈ ਦਿੱਲੀ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਦਿੱਲੀ ਸਰਕਾਰ ਦੇ ਦਫ਼ਤਰਾਂ 'ਚ ਸੋਮਵਾਰ ਨੂੰ ਸਿਰਫ 50 ਫ਼ੀਸਦੀ ਸਟਾਫ ਹੀ ਆਵੇਗਾ, ਬਾਕੀ ਮੁਲਾਜ਼ਮ ਘਰ ਤੋਂ ਹੀ ਕੰਮ ਕਰਨਗੇ। ਇਸ ਸਬੰਧੀ ਸੂਬਾ ਸਰਕਾਰ ਦੀ ਤਜਵੀਜ਼ ਨੂੰ ਉਪ ਰਾਜਪਾਲ ਅਨਿਲ ਬੈਜਲ ਨੇ ਸ਼ਨਿਚਵਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੋਰੋਨਾ ਇਨਫੈਕਸ਼ਨ ਵਿਚਾਲੇ ਦਫ਼ਤਰਾਂ 'ਚ ਦਬਾਅ ਘੱਟ ਕਰਨ ਲਈ ਦਿੱਲੀ ਸਰਕਾਰ ਨੇ ਅੱਧੇ ਮੁਲਾਜ਼ਮਾਂ ਨੂੰ ਸੱਦਣ ਦਾ ਫ਼ੈਸਲਾ ਲਿਆ ਸੀ। ਉਸ ਦੀ ਤਜਵੀਜ਼ ਨੂੰ ਉਪ ਰਾਜਪਾਲ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਸੋਮਵਾਰ ਨੂੰ ਗ੍ਰੇਡ-ਇਕ ਤੇ ਉੱਚ ਅਧਿਕਾਰੀਆਂ ਨੂੰ ਛੱਡ ਕੇ ਬਾਕੀ ਸਟਾਫ 'ਚੋਂ 50 ਫ਼ੀਸਦੀ ਮੁਲਾਜ਼ਮ ਹੀ ਦਫ਼ਤਰ ਆੳਣਗੇ। ਵਿਭਾਗ ਦੇ ਮੁਖੀ ਇਹ ਤੈਅ ਕਰਨਗੇ ਕਿ ਅੱਧੇ ਲੋਕ ਘਰ ਤੋਂ ਕੰਮ ਕਰਨ ਤੇ ਬਾਕੀਆਂ ਨੂੰ ਦਫ਼ਤਰ ਸੱਦਿਆ ਜਾਵੇ।