ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦੇ ਕਰੋਲ ਬਾਗ ਇਲਾਕੇ ਵਿਚ ਸਥਿਤ ਹੋਟਲ ਅਰਪਿਤ ਪੈਲੇਸ ਵਿਚ ਮੰਗਲਵਾਰ ਸਵੇਰੇ ਭਿਆਨਕ ਅੱਗ ਲੱਗਣ ਨਾਲ 17 ਲੋਕਾਂ ਦੀ ਮੌਤ ਹੋ ਗਈ। ਹਾਦਸੇ ਵਿਚ ਤਿੰਨ ਲੋਕ ਬੁਰੀ ਤਰ੍ਹਾਂ ਝੁਲਸ ਗਏ ਜਿਨ੍ਹਾਂ ਦਾ ਅਲੱਗ-ਅਲੱਗ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ। ਸਾਰਿਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮਿ੍ਤਕਾਂ 'ਚ 10 ਮਰਦ, ਛੇ ਅੌਰਤਾਂ ਅਤੇ ਇਕ ਬੱਚਾ ਸ਼ਾਮਲ ਹੈ। ਇਨ੍ਹਾਂ ਵਿਚੋਂ ਹੁਣ ਤਕ 13 ਦੀ ਹੀ ਪਛਾਣ ਹੋ ਸਕੀ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਕੇਰਲ ਦੇ ਸਨ। ਹਾਦਸੇ ਵਿਚ ਮਿਆਂਮਾਰ ਤੋਂ ਆਏ ਇਕ ਸੈਲਾਨੀ ਅਤੇ ਹਰਿਆਣਾ ਦੇ ਪੰਚਕੂਲਾ ਵਾਸੀ ਆਈਆਰਐੱਸ ਅਧਿਕਾਰੀ ਸੁਰੇਸ਼ ਕੁਮਾਰ ਦੀ ਵੀ ਮੌਤ ਹੋਈ ਹੈ। ਜ਼ਿਆਦਾਤਰ ਮੌਤਾਂ ਧੂੰਏਂ ਨਾਲ ਸਾਹ ਘੁੱਟਣ, ਸੜਨ ਅਤੇ ਬਚਣ ਲਈ ਹੋਟਲ ਤੋਂ ਛਾਲਾਂ ਮਾਰਨ ਕਾਰਨ ਹੋਈਆਂ। ਇਸ ਦੌਰਾਨ ਫਾਇਰ ਬਿ੍ਗੇਡ ਵਿਭਾਗ, ਆਫ਼ਤ ਪ੍ਬੰਧਨ ਅਤੇ ਪੁਲਿਸ ਦੀ ਟੀਮ ਨੇ ਅੱਗ ਵਿਚ ਫਸੇ 35 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਿਢਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ।

ਕਰੋਲ ਬਾਗ ਥਾਣਾ ਪੁਲਿਸ ਨੇ ਹੋਟਲ ਮਾਲਕ ਰਾਕੇਸ਼ ਗੋਇਲ ਉਰਫ਼ ਪਟਵਾਰੀ ਖ਼ਿਲਾਫ਼ ਗ਼ੈਰ ਇਰਾਦਤਨ ਹੱਤਿਆ ਦਾ ਮੁਕੱਦਮਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਹੋਟਲ ਦੇ ਜਨਰਲ ਮੈਨੇਜਰ ਰਾਜੇਂਦਰ ਅਤੇ ਮੈਨੇਜਰ ਵਿਕਾਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ। ਲਾਸ਼ਾਂ ਨੂੰ ੋਪੋਸਟਮਾਰਟਮ ਲਈ ਤਿੰਨ ਅਲੱਗ-ਅਲੱਗ ਹਸਪਤਾਲਾਂ ਵਿਚ ਰੱਖਿਆ ਗਿਆ ਹੈ। ਘਟਨਾ ਪਿੱਛੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਰਾਜਪਾਲ ਅਨਿਲ ਬੇਜਲ, ਭਾਜਪਾ ਪ੍ਦੇਸ਼ ਪ੍ਧਾਨ ਮਨੋਜ ਤਿਵਾੜੀ ਸਹਿਤ ਹੋਰ ਆਗੂ ਅਤੇ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਦਿੱਲੀ ਸਰਕਾਰ ਨੇ ਘਟਨਾ ਦੀ ਮੈਜਿਸਟ੍ੇਟੀ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਹਰੇਕ ਮਿ੍ਤਕ ਦੇ ਪਰਿਵਾਰ ਨੂੰ ਪੰਜ-ਪੰਜ ਲੱਖ ਰੁਪਏ ਮੁਆਵਜ਼ਾ ਦੇਣ ਦਾ ਵੀ ਐਲਾਨ ਕੀਤਾ ਹੈ।

ਫਾਇਰ ਬਿ੍ਗੇਡ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਸਵੇਰੇ 4.35 ਵਜੇ ਉਨ੍ਹਾਂ ਨੂੰ ਅੱਗ ਦੀ ਸੂਚਨਾ ਮਿਲੀ। ਮੌਕੇ 'ਤੇ ਤੁਰੰਤ ਫਾਇਰ ਬਿ੍ਗੇਡ ਦੀਆਂ 26 ਗੱਡੀਆਂ ਪੁੱਜੀਆਂ। ਹੋਟਲ ਪੁੱਜਣ 'ਤੇ ਪਤਾ ਲੱਗਾ ਕਿ ਉਹ ਪੰਜ ਮੰਜ਼ਿਲਾ ਹੈ। ਹੋਟਲ ਤੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ ਤੇ ਕਾਫ਼ੀ ਧੂੰਆਂ ਭਰਿਆ ਹੋਇਆ ਸੀ। ਹੇਠਲੀ ਮੰਜ਼ਿਲ 'ਤੇ ਫਸੇ ਲੋਕਾਂ ਨੇ ਤਾਂ ਭੱਜ ਕੇ ਜਾਨ ਬਚਾ ਲਈ ਪ੍ੰਤੂ ਵੱਡੀ ਗਿਣਤੀ ਵਿਚ ਲੋਕ ਉਪਰਲੀ ਮੰਜ਼ਿਲ 'ਤੇ ਫਸੇ ਹੋਏ ਸਨ। ਇਸ 'ਤੇ ਪੁਲਿਸ ਅਤੇ ਕੌਮੀ ਆਫ਼ਤ ਪ੍ਬੰਧਨ ਬਲ (ਐੱਨਡੀਆਰਐੱਫ) ਦੀ ਟੀਮ ਦੇ ਨਾਲ ਮਿਲ ਕੇ ਉਨ੍ਹਾਂ ਨੇ ਬਚਾਅ ਕਾਰਜ ਸ਼ੁਰੂ ਕੀਤਾ। ਬਹੁ-ਮੰਜ਼ਿਲਾ ਇਮਾਰਤ ਹੋਣ ਕਾਰਨ ਦੋ ਹਾਈਡ੍ੋਲਿਕ ਪਲੇਟਫਾਰਮ (ਕ੍ਰੇਨ) ਰਾਹੀਂ ਹੋਟਲ ਦੀਆਂ ਖਿੜਕੀਆਂ ਦੇ ਸ਼ੀਸ਼ੇ ਤੋੜ ਕੇ ਲੋਕਾਂ ਨੂੰ ਬਾਹਰ ਕੱਢਣ ਦੀ ਕਾਰਵਾਈ ਸ਼ੁਰੂ ਕੀਤੀ ਗਈ। ਇਸ ਦੌਰਾਨ ਜਾਨ ਬਚਾਉਣ ਲਈ ਤਿੰਨ ਲੋਕਾਂ ਨੇ ਛੱਤ ਤੋਂ ਛਾਲਾਂ ਮਾਰ ਦਿੱਤੀਆਂ ਜਿਨ੍ਹਾਂ ਨੂੰ ਹਸਪਤਾਲ ਪੁਚਾਇਆ ਗਿਆ। ਇਸ ਪਿੱਛੋਂ 17 ਹੋਰ ਲੋਕਾਂ ਨੂੰ ਵੀ ਹੋਟਲ ਤੋਂ ਕੱਢ ਕੇ ਹਸਪਤਾਲ ਪੁਚਾਇਆ ਗਿਆ। ਕੁੱਲ ਗੰਭੀਰ 20 ਲੋਕਾਂ ਵਿਚੋਂ 13 ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ਅਤੇ ਇਕ ਨੂੰ ਸਰ ਗੰਗਾ ਰਾਮ ਹਸਪਤਾਲ ਦਾਖਲ ਕਰਵਾਇਆ ਗਿਆ। ਰਾਮ ਮਨੋਹਰ ਲੋਹੀਆ ਹਸਪਤਾਲ ਭੇਜੇ ਸਾਰੇ ਲੋਕਾਂ ਨੂੰ ਡਾਕਟਰਾਂ ਨੇ ਮਿ੍ਤਕ ਐਲਾਨ ਦਿੱਤਾ। ਬੀ ਐੱਲ ਕਪੂਰ ਅਤੇ ਲੇਡੀ ਹਾਰਡਿੰਗ ਹਸਪਤਾਲ ਵਿਚ ਵੀ ਦੋ-ਦੋ ਲੋਕਾਂ ਨੂੰ ਮਿ੍ਤਕ ਐਲਾਨ ਦਿੱਤਾ ਗਿਆ।

38 ਕਮਰਿਆਂ 'ਚ ਮੌਜੂਦ ਸਨ ਦੇਸੀ-ਵਿਦੇਸ਼ ਸੈਲਾਨੀ

ਅਧਿਕਾਰੀ ਨੇ ਦੱਸਿਆ ਕਿ ਕਰੀਬ 400 ਵਰਗਮੀਟਰ ਵਿਚ ਫੈਲੇ ਹੋਟਲ ਵਿਚ 46 ਕਮਰੇ ਹਨ। ਇਨ੍ਹਾਂ ਵਿਚੋਂ 38 ਕਮਰਿਆਂ ਵਿਚ ਦੇਸੀ-ਵਿਦੇਸ਼ੀ ਸੈਲਾਨੀ ਰੁਕੇ ਹੋਏ ਸਨ ਜਦਕਿ 25 ਹੋਟਲ ਦੇ ਮੁਲਾਜ਼ਮ ਵੀ ਮੌਜੂਦ ਸਨ। ਹੋਟਲ ਵਿਚ ਨਾਜਾਇਜ਼ ਬਾਰ ਅਤੇ ਰੈਸਤਰਾਂ ਵੀ ਚੱਲ ਰਹੇ ਸਨ। ਅੱਗ ਪਿੱਛੋਂ ਧੂੰਆਂ ਫੈਲਣ ਕਾਰਨ ਲੋਕਾਂ ਦਾ ਸਾਹ ਘੁੱਟਣ ਲੱਗਾ। ਕਮਰਿਆਂ ਦੀਆਂ ਦੀਵਾਰਾਂ ਲੱਕੜੀ ਤੇ ਫਾਈਬਰ ਸ਼ੀਟਾਂ ਦੀਆਂ ਬਣੀਆਂ ਹੋਣ ਕਾਰਨ ਅੱਗ ਛੇਤੀ ਫੈਲ ਗਈ।

ਬੱਚੇ ਨੂੰ ਗੋਦ 'ਚ ਲਏ ਮਿਲੀ ਮਾਂ ਦੀ ਲਾਸ਼

ਚੀਫ ਫਾਇਰ ਅਫਸਰ ਅਤੁਲ ਗਰਗ ਨੇ ਦੱਸਿਆ ਕਿ ਇਕ ਕਮਰੇ ਵਿਚ ਮਾਂ-ਬੇਟੇ ਦੀ ਲਾਸ਼ ਮਿਲੀ। ਮਾਂ ਨੂੰ ਬੱਚੇ ਨੂੰ ਗੋਦ ਵਿਚ ਲਿਆ ਹੋਇਆ ਸੀ। ਕਈ ਲੋਕ ਇਕ-ਦੂਜੇ ਨੂੰ ਫੜੇ ਹੋਏ ਮਿ੍ਤਕ ਮਿਲੇ। ਸਵੇਰੇ 7.10 ਵਜੇ ਤਕ ਅੱਗ 'ਤੇ ਕਾਬੂ ਪਾਇਆ ਗਿਆ।