ਕੋਇੰਬਟੂਰ (ਏਜੰਸੀ) : ਜ਼ਬਰਦਸਤ ਬਾਰਸ਼ ਕਾਰਨ ਤਾਮਿਲਨਾਡੂ ਦੇ ਇਕ ਪਿੰਡ 'ਚ 15 ਫੁੱਟ ਉੱਚੀ ਕੰਧ ਕਈ ਘਰਾਂ 'ਤੇ ਡਿੱਗ ਗਈ। ਇਸ 'ਚ 10 ਔਰਤਾਂ ਤੇ ਦੋ ਬੱਚਿਆਂ ਸਮੇਤ 17 ਲੋਕਾਂ ਦੀ ਮੌਤ ਹੋ ਗਈ। ਸੋਮਵਾਰ ਸਵੇਰੇ ਪੰਜ ਵਜੇ ਜਦੋਂ ਇਹ ਘਟਨਾ ਵਾਪਰੀ, ਉਸ ਸਮੇਂ ਲੋਕ ਸੁੱਤੇ ਹੋਏ ਸਨ।

ਪੁਲਿਸ ਮੁਤਾਬਕ ਨਾਦੁਰ ਪਿੰਡ ਕੋਇੰਬਟੂਰ ਤੋਂ 50 ਕਿਲੋਮੀਟਰ ਦੂਰ ਸਥਿਤ ਹੈ। ਆਲੇ ਦੁਆਲੇ ਦੇ ਇਲਾਕੇ 'ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬਾਰਸ਼ ਹੋ ਰਹੀ ਹੈ। ਸੋਮਵਾਰ ਸਵੇਰੇ ਅਚਾਨਕ 15 ਫੁੱਟ ਉੱਚੀ ਕੰਧ ਦਾ ਹਿੱਸਾ ਆਲੇ ਦੁਆਲੇ ਦੇ ਘਰਾਂ 'ਤੇ ਡਿੱਗ ਗਿਆ।

ਰਾਜਪਾਲ ਬਨਵਾਰੀਲਾਲ ਪੁਰੋਹਿਤ ਤੇ ਮੁੱਖ ਮਤਰੀ ਕੇ ਪਲਾਨੀਸਵਾਮੀ ਨੇ ਹਾਦਸੇ 'ਤੇ ਦੁੱਖ ਪ੍ਰਗਟਾਇਆ ਹੈ। ਮੁੱਖ ਮੰਤਰੀ ਨੇ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਆਫਤ ਰਾਹਤ ਕੋਸ਼ ਤੋਂ ਚਾਰ-ਚਾਰ ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ। ਓਧਰ ਘਟਨਾ ਤੋਂ ਗੁੱਸੇ 'ਚ ਆਏ ਲੋਕਾਂ ਨੇ ਨੇੜਲੇ ਹਾਈਵੇ 'ਤੇ ਜਾਮ੍ਹ ਲਗਾ ਦਿੱਤਾ।

ਕਈ ਹੋਰ ਥਾਵਾਂ 'ਤੇ ਵੀ ਮੁਜ਼ਾਹਰੇ ਹੋਏ। ਲੋਕ ਉਸ ਜ਼ਮੀਨ ਤੇ ਕੰਧ ਦੇ ਮਾਲਿਕ ਦੀ ਗਿ੍ਫ਼ਤਾਰੀ ਦੀ ਮੰਗ ਕਰ ਰਹੇ ਹਨ। ਕੁਝ ਪੀੜਤਾਂ ਨੇ ਕਿਹਾ ਹੈ ਕਿ ਜਦੋਂ ਤਕ ਮੁਲਜ਼ਮ ਜ਼ਮੀਨ ਮਾਲਿਕ ਦੀ ਗਿ੍ਫ਼ਤਾਰੀ ਨਹੀਂ ਹੋ ਜਾਂਦੀ ਉਹ ਮਿ੍ਤਕਾਂ ਦੀਆਂ ਲਾਸ਼ਾਂ ਨਹੀਂ ਲੈਣਗੇ।