ਜੰਮੂ (ਪੀਟੀਆਈ) : ਜੰਮੂ ਖੇਤਰ ਦੇ ਡੋਡਾ ਜ਼ਿਲ੍ਹੇ 'ਚ ਮੰਗਲਵਾਰ ਸ਼ਾਮ ਸਾਢੇ ਤਿੰਨ ਵਜੇ ਇਕ ਐੱਸਯੂਵੀ ਗੱਡੀ ਦੇ ਖੱਡ ਵਿਚ ਡਿੱਗ ਜਾਣ ਕਾਰਨ ਪੰਜ ਔਰਤਾਂ ਤੇ ਤਿੰਨ ਬੱੱਚਿਆਂ ਸਣੇ 16 ਲੋਕਾਂ ਦੀ ਮੌਤ ਹੋ ਗਈ।

ਡੋਡਾ ਦੇ ਐੱਸਐੱਸਪੀ ਮੁਮਤਾਜ਼ ਅਹਿਮਦ ਨੇ ਦੱਸਿਆ ਕਿ ਮਰਮਟ ਖੇਤਰ ਵਿਚ ਹੋਏ ਇਸ ਹਾਦਸੇ ਵਾਲੀ ਥਾਂ ਤੋਂ ਇਕ ਯਾਤਰੀ ਨੂੰ ਜ਼ਿੰਦਾ ਬਚਾ ਲਿਆ ਗਿਆ ਜਿਸ ਦੀ ਹਾਲਤ ਗੰਭੀਰ ਹੋਣ ਕਰ ਕੇ ਉਸ ਨੂੰ ਜੰਮੂ ਦੇ ਮੈਡੀਕਲ ਕਾਲਜ ਹਸਪਤਾਲ ਤਬਦੀਲ ਕੀਤਾ ਗਿਆ ਹੈ।

ਅਹਿਮਦ ਨੇ ਦੱਸਿਆ ਕਿ 12 ਲੋਕਾਂ ਦੀ ਮੌਤ ਮੌਕੇ 'ਤੇ ਹੋ ਗਈ ਜਦਕਿ ਚਾਰ ਹੋਰ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਪੁਲਿਸ ਅਨੁਸਾਰ ਐੱਸਯੂਵੀ ਗੱਡੀ ਕਲੀਨੀ ਤੋਂ ਮਰਮਟ ਦੇ ਗੋਵਾ ਪਿੰਡ ਜਾ ਰਹੀ ਸੀ ਜਦੋਂ ਡਰਾਈਵਰ ਦੇ ਸੰਤੁਲਨ ਖੋਹਣ ਕਾਰਨ ਇਹ 700 ਮੀਟਰ ਡੂੰਘੀ ਖੱਡ ਵਿਚ ਜਾ ਡਿੱਗੀ। ਇਸ ਦੌਰਾਨ ਜੰਮੂ ਦੇ ਮੀਰਾਂ ਸਾਹਿਬ ਇਲਾਕੇ 'ਚ ਤੇਜ਼ ਰਫ਼ਤਾਰ ਟਰੱਕ ਨੇ ਇਕ ਬੱਚੇ ਨੂੰ ਦਰੜ ਦਿੱਤਾ। ਪੁਲਿਸ ਨੇ ਡਰਾਈਵਰ ਨੂੰ ਗਿ੍ਫ਼ਤਾਰ ਕਰ ਕੇ ਟਰੱਕ ਜ਼ਬਤ ਕਰ ਲਿਆ ਹੈ।