ਸਟਾਫ ਰਿਪੋਰਟਰ, ਨਵੀਂ ਦਿੱਲੀ : ਨਾਜਾਇਜ਼ ਤਰੀਕੇ ਨਾਲ ਅਮਰੀਕਾ 'ਚ ਦਾਖ਼ਲ ਹੋਣ ਦੇ ਦੋਸ਼ 'ਚ 150 ਭਾਰਤੀਆਂ ਨੂੰ ਉੱਥੋਂ ਦੀ ਸਰਕਾਰੀ ਏਜੰਸੀ ਨੇ ਭਾਰਤ ਵਾਪਸ ਭੇਜ ਦਿੱਤਾ। ਬੁੱਧਵਾਰ ਸਵੇਰੇ ਕਰੀਬ ਛੇ ਵਜੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪੁੱਜੇ ਇਨ੍ਹਾਂ ਯਾਤਰੀਆਂ ਦੇ ਚਿਹਰੇ 'ਤੇ ਮਾਯੂਸੀ ਝਲਕ ਰਹੀ ਸੀ।

ਡਿਪੋਰਟ ਕੀਤੇ ਗਏ ਲੋਕਾਂ 'ਤੇ ਦੋਸ਼ ਹੈ ਕਿ ਇਨ੍ਹਾਂ ਨੇ ਜਾਂ ਤਾਂ ਵੀਜ਼ਾ ਨਿਯਮਾਂ ਦੀ ਉਲੰਘਣਾ ਕੀਤੀ ਜਾਂ ਫਿਰ ਨਾਜਾਇਜ਼ ਤਰੀਕੇ ਨਾਲ ਅਮਰੀਕਾ 'ਚ ਦਾਖ਼ਲ ਹੋਏ। ਬੰਗਲਾਦੇਸ਼ ਦੇ ਰਸਤੇ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਪੁੱਜੇ ਇਨ੍ਹਾਂ ਯਾਤਰੀਆਂ ਨੂੰ ਹਵਾਈ ਅੱਡੇ 'ਤੇ ਜ਼ਰੂਰੀ ਕਾਗ਼ਜ਼ੀ ਪ੍ਰਕਿਰਿਆ ਤੋਂ ਲੰਘਣ ਕੋਂ ਬਾਅਦ ਬਾਹਰ ਕੱਢਿਆ ਗਿਆ। ਕੁਝ ਯਾਤਰੀਆਂ ਦਾ ਕਹਿਣਾ ਸੀ ਕਿ ਅਮਰੀਕਾ ਜਾਣ ਲਈ ਉਨ੍ਹਾਂ ਨੇ ਕਈ ਦੇਸ਼ਾਂ ਦੀ ਯਾਤਰਾ ਕੀਤੀ। ਇਸ ਦੌਰਾਨ ਫਰਾਂਸ ਤੇ ਰੂਸ ਵੀ ਗਏ।

ਆਖ਼ਰ 'ਚ ਮੈਕਸੀਕੋ ਤੋਂ ਕੈਲੀਫੋਰਨੀਆ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਦੌਰਾਨ ਪੁਲਿਸ ਨੇ ਫੜ ਲਿਆ। ਕਈ ਯਾਤਰੀਆਂ ਦਾ ਕਹਿਣਾ ਸੀ ਕਿ ਅਮਰੀਕਾ ਜਾਣ ਇੱਛਾ 'ਚ ਏਜੰਟ ਦੇ ਚੱਕਰ 'ਚ ਪੈ ਕੇ ਕਾਫ਼ੀ ਰੁਪਏ ਵੀ ਬਰਬਾਦ ਕੀਤੇ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ 'ਚ ਜ਼ਿਆਦਾਤਰ ਯਾਤਰੀ ਪੰਜਾਬ ਤੋਂ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਕਤੂਬਰ 'ਚ ਕਰੀਬ 300 ਭਾਰਤੀਆਂ ਨੂੰ ਉਦੋਂ ਫੜ ਲਿਆ ਗਿਆ ਸੀ, ਜਦੋਂ ਉਹ ਮੈਕਸੀਕੋ ਦੇ ਰਸਤੇ ਅਮਰੀਕਾ 'ਚ ਨਾਜਾਇਜ਼ ਤਰੀਕੇ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਬਾਅਦ 'ਚ ਸਾਰੇ 300 ਭਾਰਤੀਆਂ ਨੂੰ ਉੱਥੋਂ ਡਿਪੋਰਟ ਕਰ ਕੇ ਭਾਰਤ ਭੇਜ ਦਿੱਤਾ ਗਿਆ ਸੀ।

Posted By: Jagjit Singh