ਨਈ ਦੁਨੀਆ,ਛਿੰਦਵਾੜਾ : ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਵਿਚ ਆਦਿਵਾਸੀ ਵਿਕਾਸ ਵਿਭਾਗ ਵੱਲੋਂ ਚਲਾਈ ਜਾ ਰਹੀ ਸਰਕਾਰੀ ਕੰਨਿਆ ਸਿੱਖਿਆ ਇਮਾਰਤ (ਹੋਸਟਲ) ਵਿਚ ਰਹਿ ਰਹੀ 10ਵੀਂ ਦੀ ਵਿਦਿਆਰਥਣ ਨੂੰ ਵੀਰਵਾਰ ਰਾਤ ਤਕਲੀਫ਼ ਹੋਈ ਤੇ ਉਸ ਨੇ ਹਸਪਤਾਲ ਵਿਚ ਇਕ ਮਰੇ ਹੋਏ ਬੱਚੇ ਨੂੰ ਜਨਮ ਦਿੱਤਾ। ਇਸ ਮਾਮਲੇ ਵਿਚ ਹੋਸਟਲ ਦੀ ਸੁਪਰਡੈਂਟ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਵਿਦਿਆਰਥਣ ਦੇ ਬਿਆਨ ਦੇ ਆਧਾਰ 'ਤੇ ਇਕ ਨੌਜਵਾਨ ਨੂੰ ਜਬਰ ਜਨਾਹ ਦੇ ਕੇਸ ਵਿਚ ਗਿ੍ਫ਼ਤਾਰ ਕਰ ਲਿਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 15 ਸਾਲਾ ਵਿਦਿਆਰਥਣ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਰਾਤ ਕਰੀਬ 9.30 ਵਜੇ ਉਸ ਨੇ ਮਰੇ ਹੋਏ ਬੱਚੇ ਨੂੰ ਜਨਮ ਦਿੱਤਾ। ਵਿਦਿਆਰਥਣ ਦੇ ਬਿਆਨ ਦੇ ਆਧਾਰ 'ਤੇ ਉਸ ਦੇ ਪਿੰਡ ਦੇ 25 ਸਾਲਾ ਨੌਜਵਾਨ 'ਤੇ ਜਬਰ ਜਨਾਹ ਅਤੇ ਪਾਕਸੋ ਐਕਟ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ। ਆਦਿਵਾਸੀ ਵਿਕਾਸ ਵਿਭਾਗ ਦੇ ਸਹਾਇਕ ਕਮਿਸ਼ਨਰ ਨਰੋਤਮ ਬਰਕੜੇ ਨੇ ਦੱਸਿਆ ਕਿ ਹੋਸਟਲ ਸੁਪਰਡੈਂਟ ਸੁਮਨ ਪਰਤੇ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਘਰ ਜਾ ਰਹੀ ਅਧਿਆਪਕਾ ਨਾਲ ਸਮੂਹਿਕ ਜਬਰ ਜਨਾਹ

ਮੱਧ ਪ੍ਰਦੇਸ਼ ਦੇ ਸੀਧੀ ਜ਼ਿਲ੍ਹੇ ਵਿਚ ਅਧਿਆਪਕਾ ਨਾਲ ਸਮੂਹਿਕ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾਂਦਾ ਹੈ ਕਿ ਵੀਰਵਾਰ ਸ਼ਾਮ ਕਰੀਬ ਛੇ ਵਜੇ ਅਧਿਆਪਕਾ ਜਦੋਂ ਨਿੱਜੀ ਸਕੂਲ ਤੋਂ ਘਰ ਪਰਤ ਰਹੀ ਸੀ ਤਦ ਰਸਤੇ ਵਿਚ ਦੋਸ਼ੀਆਂ ਨੇ ਵਾਰਦਾਤ ਕੀਤੀ। ਪੁਲਿਸ ਨੇ ਦੋਸੀ ਬੱਚੂ ਲੋਨੀਆ, ਵੀਰੂ ਲੋਨੀਆ, ਨਰੇਂਦਰ ਲੋਨੀਆ ਅਤੇ ਸ਼ਿਵ ਸ਼ੰਕਰ ਲੋਨੀਆ ਨੂੰ ਰਾਤ ਨੂੰ ਹੀ ਗਿ੍ਫ਼ਤਾਰ ਕਰ ਲਿਆ। ਸ਼ੁੱਕਰਵਾਰ ਪੂਰਾ ਦਿਨ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ।