ਨਵੀਂ ਦਿੱਲੀ : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਹਥਿਆਰਬੰਦ ਬਲਾਂ ਦੇ ਜਾਬਾਂਜ਼ੀ, ਹਿੰਮਤ ਤੇ ਆਪਣੇ ਫਰਜ਼ ਦੇ ਪਾਲਣ 'ਚ ਆਪਣਾ ਯੋਗਦਾਨ ਦੇਣ ਵਾਲੇ ਫ਼ੌਜੀਆਂ ਨੂੰ ਵੀਰਤਾ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਉਨ੍ਹਾਂ ਦੋ ਕੀਰਤੀ ਚੱਕਰ ਤੇ 15 ਸ਼ੌਰਿਆ ਚੱਕਰ ਦਿੱਤੇ। ਇਨ੍ਹਾਂ 'ਚੋਂ ਦੋ ਕੀਰਤੀ ਚੱਕਰ ਤੇ ਦੋ ਸ਼ੌਰਿਆ ਚੱਕਰ ਪਰਮ ਬਲਿਦਾਨ ਦੇਣ ਵਾਲੇ ਸ਼ਹੀਦਾਂ ਨੂੰ ਮਰਨ ਉਪਰੰਤ ਦਿੱਤੇ ਗਏ।

ਭਾਰਤੀ ਹਥਿਆਰਬੰਦ ਬਲਾਂ ਦੇ ਸੁਪਰੀਮ ਕਮਾਂਡਰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਭਵਨ 'ਚ ਇਕ ਪ੍ਰਰੋਗਰਾਮ ਦੌਰਾਨ ਦੁਰਲਭ ਘਟਨਾ ਦੇ ਤੌਰ 'ਤੇ 16 ਸਾਲ ਦੇ ਇਰਫ਼ਾਨ ਰਮਜ਼ਾਨ ਸ਼ੇਖ ਨੂੰ ਵੀ ਸ਼ੌਰਿਆ ਪੁਰਸਕਾਰ ਨਾਲ ਸਮਾਨਿਤ ਕੀਤਾ। ਨਾਬਾਲਿਗ ਇਰਫ਼ਾਨ ਨੇ ਸਾਲ 2017 'ਚ ਆਪਣੇ ਘਰ 'ਤੇ ਹੋਏ ਅੱਤਵਾਦੀ ਹਮਲੇ ਨੂੰ ਨਾਕਾਮ ਕੀਤਾ ਸੀ। ਰਾਸ਼ਟਰਪਤੀ ਨੇ ਸੀਆਰਪੀਐੱਫ ਦੀ 130ਵੀਂ ਬਟਾਲੀਅਨ 'ਚ ਕਾਂਸਟੇਬਲ ਪ੍ਰਦੀਪ ਕੁਮਾਰ ਪਾਂਡਾ ਤੇ ਰਾਸ਼ਟਰੀ ਰਾਈਫਲਸ ਦੀ 22ਵੀਂ ਬਟਾਲੀਅਨ ਦੇ ਆਰਮਡ ਕਾਪਸ ਦੇ ਸੋਵਰ ਵਿਜੇ ਕੁਮਾਰ ਨੂੰ ਮਰਨ ਉਪਰੰਤ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ।

ਰੱਖਿਆ ਮੰਤਰਾਲੇ ਨੇ ਇਕ ਬਿਆਨ ਜਾਰੀ ਕਰ ਕੇ ਦੱਸਿਆ ਕਿ ਪਾਂਡਾ ਨੂੰ ਇਹ ਵੀਰਤਾ ਪੁਰਸਕਾਰ ਦਸੰਬਰ 2017 'ਚ ਜੰਮੂ ਕਸ਼ਮੀਰ ਦੇ ਲੇਥਪੋਰਾ ਕੈਂਪ 'ਚ ਅੱਤਵਾਦੀਆਂ ਨਾਲ ਲੜਦੇ ਹੋਏ ਸ਼ਹੀਦ ਹੋਣ, ਵਿਜੇ ਕੁਮਾਰ ਨੂੰ ਇਹ ਪੁਰਸਕਾਰ 2018 'ਚ ਸੂਬੇ ਦੇ ਦਾਰਸੂ ਪਿੰਡ 'ਚ ਦੋ ਅੱਤਵਾਦੀਆਂ ਨੂੰ ਖ਼ਤਮ ਕਰਨ 'ਤੇ ਮਰਨ ਉਪਰੰਤ ਦਿੱਤਾ ਗਿਆ ਹੈ। ਇਸੇ ਤਰ੍ਹਾਂ ਰਾਸ਼ਟਰੀ ਰਹਾਈਫਲ ਦੀ 42ਵੀਂ ਬਟਾਲੀਅਨ ਦੀ ਮੈਕਨਾਈਜ਼ ਇਨਫੈਂਟਰੀ 'ਚ ਸਿਪਾਹੀ ਅਜੈ ਕੁਮਾਰ ਨੂੰ ਮਰਨ ਉਪਰੰਤ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੇ ਇਕ ਅੱਤਵਾਦੀ ਨੂੰ ਮਾਰਨ ਤੇ ਆਪਣੀ ਟੀਮ ਦੀ ਰੱਖਿਆ ਕਰਨ 'ਚ ਬਹਾਦਰੀ ਦਿਖਾਈ ਸੀ। ਅਸਮ ਰਾਈਫਲਸ ਦੀ ਚੌਥੀ ਬਟਾਲੀਅਨ ਦੇ ਰਾਈਫਲਮੈਨ ਜੈਪ੍ਰਕਾਸ਼ ਓਰਾਨ ਨੇ ਮਣੀਪੁਰ 'ਚ ਇਕ ਹੋਰ ਮੁਹਿੰਮ ਦੌਰਾਨ ਬਹਾਦੁਰੀ ਨਾਲ ਦੋ ਅੱਤਵਾਦੀਆਂ ਨੂੰ ਮਾਰ ਸੁੱਟਿਆ ਸੀ ਤੇ ਦੋ ਹੋਰਾਂ ਨੂੰ ਜ਼ਖ਼ਮੀ ਕਰ ਦਿੱਤਾ ਸੀ।

ਸ਼ੌਰਿਆ ਚੱਕਰ ਨਾਲ ਸਨਮਾਨਿਤ ਹੋਣ ਵਾਲੇ ਹੋਰ ਵੀਰ ਜਵਾਨਾਂ 'ਚ ਮੇਜਰ ਪਵਨ ਕੁਮਾਰ (ਰਾਸ਼ਟਰੀ ਰਾਇਫਲਸ), ਕੁਲਦੀਪ ਸਿੰਘ ਚਾਹਾਰ (ਸੀਆਰਪੀਐੱਫ), ਜਿਲੇ ਸਿੰਘ (ਸੀਆਰਪੀਐੱਫ), ਰਾਇਫਲਮੈਨ ਰਥਵ ਲੀਲੇਸ਼ ਭਾਈ (ਅਸਮ ਰਾਇਫਲਸ) ਸ਼ਾਮਿਲ ਹਨ। ਇਸ ਤੋਂ ਇਲਾਵਾ ਆਲ ਪੈਰਾਸ਼ੂਟ ਰੈਜੀਮੈਂਟ ਵਿਸ਼ੇਸ਼ ਬਲ ਦੇ ਲੈਫਟੀਨੈਂਟ ਕਰਨਲ ਵਿਕਰਾਂਤ ਪ੍ਰਰਾਸ਼ੇਰ, ਕੈਪਟਨ ਅਭੈ ਸ਼ਰਮਾ, ਮੇਜਰ ਰੋਹਿਤ ਲਿੰਗਵਾਲ, ਨਾਇਬ ਸੂਬੇਦਾਰ ਅਨਿਲ ਕੁਮਾਰ ਦਹੀਆ, ਹਵਲਦਾਰ ਜਾਵੀਦ ਅਹਿਮਦ ਬਟ, ਹਵਲਦਾਰ ਕੁਲ ਬਹਾਦੁਰ ਥਾਪਾ ਨੂੰ ਵੀ ਸ਼ੌਰਿਆ ਚੱਕਰ ਦਿੱਤਾ ਗਿਆ। ਇਸ ਤੋਂ ਇਲਾਵਾ ਜਾਟ ਰੈਜੀਮੈਂਟ ਦੇ ਲੈ. ਕਰਨਲ ਅਰਜੁਨ ਸ਼ਰਮਾ, ਗੋਰਖਾ ਰਾਈਫਲਸ ਦੇ ਮੇਜਰ ਇਮਲਿਾਕੁਮ ਕੇਤਜ਼ਰ ਨੂੰ ਵੀ ਰਾਸ਼ਟਰਪਤੀ ਹੱਥੋਂ ਸ਼ੌਰਿਆ ਚੱਕਰ ਦਿੱਤਾ ਗਿਆ।

ਰਾਸ਼ਟਰਪਤੀ ਨੇ ਆਪਣੀਆਂ ਸੇਵਾਵਾਂ 'ਚ ਵਿਸ਼ੇਸ਼ ਯੋਗਦਾਨ ਦੇਣ ਵਾਲੇ ਹਥਿਆਰਬੰਦ ਬਲਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ 13 ਪਰਮ ਵਸ਼ਿਸ਼ਟ ਸੇਵਾ ਮੈਡਲਾਂ, ਦੋ ਉੱਤਰ ਯੁੱਧ ਸੇਵਾ ਦੇ ਅਹੁਦੇ ਤੇ 26 ਅੱਤ ਵਸ਼ਿਸ਼ਟ ਸੇਵਾ ਮੈਡਲਾਂ ਨਾਲ ਸਨਮਾਨਿਤ ਕੀ ਗਿਆ ਹੈ।