ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਹੁਣ ਭ੍ਰਿਸ਼ਟ ਅਧਿਕਾਰੀਆਂ 'ਤੇ ਨੱਥ ਕੱਸਣੀ ਸ਼ੁਰੂ ਕਰ ਦਿੱਤੀ ਹੈ। ਅਜਿਹੇ 15 ਅਧਿਕਾਰੀਆਂ ਨੂੰ ਨੌਕਰੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ ਜੋ ਭ੍ਰਿਸ਼ਟ ਸਨ।

ਸਰਕਾਰ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕਸਟਮ ਡਿਊਟੀ ਅਤੇ ਕੇਂਦਰੀ ਉਤਪਾਦ ਟੈਕਸ ਦੇ 15 ਆਲਾ ਅਫਸਰਾਂ ਨੂੰ ਜਬਰੀ ਸੇਵਾਮੁਕਤ ਕਰ ਦਿੱਤਾ ਹੈ। ਇਕ ਹਫ਼ਤਾ ਪਹਿਲਾਂ ਦਰਜਨ ਭਰ ਆਮਦਨ ਕਰ ਅਧਿਕਾਰੀਆਂ 'ਤੇ ਕਾਰਵਾਈ ਕੀਤੀ ਜਾ ਚੁੱਕੀ ਹੈ।

ਇਨ੍ਹਾਂ ਅਧਿਕਾਰੀਆਂ 'ਚ ਅਸਿਸਟੈਂਟ ਕਮਿਸ਼ਨਰ ਤੋਂ ਲੈ ਕੇ ਪ੍ਰਿੰਸੀਪਲ ਕਮਿਸ਼ਨਰ ਤਕ ਦੇ ਅਧਿਕਾਰੀ ਸ਼ਾਮਲ ਹਨ। ਕੇਂਦਰੀ ਅਪ੍ਰਤੱਖ ਕਰ ਅਤੇ ਕਸਟਮ ਡਿਊਟੀ ਬੋਰਡ (ਸੀਬੀਆਈਸੀ) ਦੇ ਅਧਿਕਾਰੀਆਂ ਨੂੰ ਵਿੱਤ ਮੰਤਰਾਲੇ ਅਨੁਸਾਰ, ਸਰਕਾਰ ਨੇ ਫੰਡਾਮੈਂਟਲ ਰੂਲਜ਼ ਦੇ ਨਿਯਮ 56 (ਜੇ) ਤਹਿਤ ਕਾਰਵਾਈ ਕਰਦੇ ਹੋਏ ਨੌਕਰੀ ਤੋਂ ਕੱਢਿਆ ਹੈ।

ਇਨ੍ਹਾਂ 'ਚੋਂ ਕੁਝ ਅਧਿਕਾਰੀ ਪਹਿਲਾਂ ਹੀ ਮੁਅੱਤਲ ਸਨ। ਕੁਝ ਦੇ ਖ਼ਿਲਾਫ਼ ਸੀਬੀਆਈ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਦਰਜ ਕੀਤੇ ਹੋਏ ਹਨ, ਜਦੋਂਕਿ ਕਈਆਂ ਤੇ ਰਿਸ਼ਵਤ, ਵਸੂਲੀ ਅਤੇ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹਨ।

ਇਨ੍ਹਾਂ 'ਤੇ ਹੋਈ ਕਾਰਵਾਈ

ਜਿਨ੍ਹਾਂ ਅਧਿਕਾਰੀਆਂ ਨੂੰ ਜਬਰੀ ਸੇਵਾਮੁਕਤ ਕੀਤਾ ਗਿਆ ਹੈ, ਉਨ੍ਹਾਂ ਚ ਦਿੱਲੀ ਚ ਤਾਇਨਾਤ ਸੀਬੀਆਈਸੀ ਦੇ ਪ੍ਰਿੰਸੀਪਲ ਏਡੀਜੀ (ਆਡਿਟ) ਅਨੂਪ ਸ੍ਰੀਵਾਸਤਵ, ਸੰਯੁਕਤ ਕਮਿਸ਼ਨਰ ਨਲਿਨ ਕੁਮਾਰ ਅਤੇ ਕੋਲਕਾਤਾ ਦੇ ਕਮਿਸ਼ਨਰ ਸੰਸਾਰ ਚੰਦ ਵੀ ਸ਼ਾਮਲ ਹਨ।

ਉਨ੍ਹਾਂ 'ਤੇ ਇਕ ਅਜਿਹੇ ਆਵਾਸ ਨਿਰਮਾਣ ਸੁਸਾਇਟੀ ਦਾ ਪੱਖ ਲੈਣ ਦਾ ਦੋਸ਼ ਹੈ, ਜੋ ਨਿਯਮਾਂ ਦਾ ਉਲੰਘਣ ਕਰਦੇ ਹੋਏ ਜ਼ਮੀਨ ਖਰੀਦਣ ਲਈ ਐੱਨਓਸੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।

ਇਨ੍ਹਾਂ ਚ ਉਨ੍ਹਾਂ ਤੇ ਇਕ ਖਰੀਦਦਾਰ ਤੋਂ ਡਿਊਟੀ ਚੋਰੀ ਕਰਨ ਦੇ ਮਾਮਲੇ 'ਚ ਰਿਸ਼ਵਤ ਲੈਣ ਦਾ ਦੋਸ਼ ਹੈ। ਉਨ੍ਹਾਂ 'ਤੇ ਮਨਮਰਜੀ ਨਾਲ ਗ੍ਰਿਫਤਾਰੀ, ਪਰੇਸ਼ਾਨ ਅਤੇ ਵਸੂਲੀ ਕਰਨ ਦਾ ਵੀ ਦੋਸ਼ ਹੈ। ਇਸੇ ਤਰ੍ਹਾਂ ਸੰਯੁਕਤ ਕਮਿਸ਼ਨਰ ਨਲਿਨ ਕੁਮਾਰ ਖ਼ਿਲਾਫ਼ ਵੀ ਸੀਬੀਆਈ ਨੇ ਮਾਮਲਾ ਦਰਜ ਕੀਤਾ ਹੋਇਆ ਹੈ।

50 ਸਾਲ ਤੋਂ ਵੱਧ ਉਮਰ

ਮੰਤਰਾਲੇ ਦਾ ਕਹਿਣਾ ਹੈ ਕਿ ਇਨ੍ਹਾਂ ਅਧਿਕਾਰੀਆਂ ਦੀ ਉਮਰ 50 ਸਾਲ ਹੋ ਗਈ ਹੈ, ਇਸ ਲਈ ਜਨਹਿੱਤ 'ਚ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਜਬਰੀ ਸੇਵਾਮੁਕਤ ਕੀਤਾ ਗਿਆ ਹੈ।

ਕੋਲਕਾਤਾ 'ਚ ਤਾਇਨਾਤ ਕਮਿਸ਼ਨਰ ਸੰਸਾਰ ਚੰਦ ਵੀ ਕਥਿਤ ਤੌਰ 'ਤੇ ਰਿਸ਼ਵਤਖੋਰੀ ਚ ਸ਼ਾਮਲ ਸੀ। ਚੇਨਈ ਚ ਤਾਇਨਾਤ ਕਮਿਸ਼ਨਰ ਜੀ ਸ੍ਰੀਹਰਸ਼ਾ ਨੇ ਆਮਦਨ ਦੇ ਸਰੋਤਾਂ ਤੋਂ ਵੱਧ 2.24 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ ਇਕੱਠੀ ਕਰ ਰੱਖੀ ਸੀ।

ਸੀਬੀਆਈ ਨੇ ਜਾਲ ਵਿਛਾ ਕੇ ਇਨ੍ਹਾਂ ਦੋਵਾਂ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਸੀ। ਕਮਿਸ਼ਨਰ ਰੈਂਕ ਦੇ ਦੋ ਹੋਰ ਅਧਿਕਾਰੀ ਅਤੁਲ ਦੀਕਸ਼ਤ ਅਤੇ ਵਿਨੈ ਬ੍ਰਿਜ ਸਿੰਘ ਜੋ ਹੁਣ ਮੁਅੱਤਲ ਚੱਲ ਰਹੇ ਸਨ, ਉਨ੍ਹਾਂ ਨੂੰ ਸਰਕਾਰ ਨੇ ਨੌਕਰੀ ਤੋਂ ਕੱਢ ਦਿੱਤਾ ਹੈ। ਦੀਕਸ਼ਤ ਖ਼ਿਲਾਫ਼ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਹੈ, ਜਦੋਂਕਿ ਸਿੰਘ ਖ਼ਿਲਾਫ਼ ਓਵਰ ਇਨਵਾਇਸਿੰਗ ਦਾ ਡੀਆਰਆਈ ਦਾ ਮਾਮਲਾ ਚੱਲ ਰਿਹਾ ਹੈ।

ਦਿੱਲੀ 'ਚ ਤਾਇਨਾਤ ਜੀਐੱਸਟੀ ਦੇ ਡਿਪਟੀ ਕਮਿਸ਼ਨਰ ਅਮਰੇਸ਼ ਜੈਨ ਕੋਲ ਆਮਦਨ ਦੇ ਸਰੋਤਾਂ ਤੋਂ ਵੱਧ 1.55 ਕਰੋੜ ਰੁਪਏ ਜਾਇਦਾਦ ਹੈ। ਉਸ ਖ਼ਿਲਾਫ਼ 95.24 ਲੱਖ ਰੁਪਏ ਦੀ ਨਕਦੀ ਬਰਾਮਦੀ ਦਾ ਮਾਮਲਾ ਵੀ ਦਰਜ ਹੈ।

ਇਸ ਤੋਂ ਇਲਾਵਾ ਕੋਲਕਾਤਾ 'ਚ ਡੀਜੀ ਸਿਸਟਮ ਦੇ ਰੂਪ 'ਚ ਤਾਇਨਾਤ ਵਧੀਕ ਕਮਿਸ਼ਨਰ ਅਸ਼ੋਕ ਮਹੀਦਾ ਅਤੇ ਵਧੀਕ ਕਮਿਸ਼ਨਰ ਵਰਿੰਦਰ ਅਗਰਵਾਲ ਨੂੰ ਵੀ ਜਬਰੀ ਸੇਵਾਮੁਕਤ ਕੀਤਾ ਗਿਆ ਹੈ। ਨਾਲ ਹੀ ਅਸਿਸਟੈਂਟ ਕਮਿਸ਼ਨਰ ਐੱਸਐੱਸ ਪਬਾਨਾ, ਐੱਸਐੱਸ ਬਿਸ਼ਟ, ਵਿਨੋਦ ਸਾਂਗਾ, ਰਾਜੂ ਸ਼ੇਖ਼ਰ, ਮੁਹੰਮਦ ਅਲਤਾਫ ਅਤੇ ਡਿਪਟੀ ਕਮਿਸ਼ਨਰ ਅਸ਼ੋਕ ਅਸਵਾਲ ਨੂੰ ਵੀ ਜਬਰੀ ਸੇਵਾਮੁਕਤ ਕੀਤਾ ਗਿਆ ਹੈ।

Posted By: Jagjit Singh