ਨਵੀਂ ਦਿੱਲੀ (ਪੀਟੀਆਈ) : ਇਕ ਰਿਪੋਰਟ ਮੁਤਾਬਕ ਭਾਰਤ 'ਚ 13 ਕਰੋੜ 90 ਲੱਖ ਤੋਂ ਜ਼ਿਆਦਾ ਔਰਤਾਂ ਤੇ ਲੜਕੀਆਂ ਆਧੁਨਿਕ ਗਰਭ ਰੋਕੂ ਤਰੀਕਿਆਂ ਦੀ ਵਰਤੋੋਂ ਕਰ ਰਹੀਆਂ ਹਨ। ਵਿਸ਼ਵ ਸਾਂਝੀਦਾਰੀ ਵਾਲੀ ਸੰਸਥਾ ਫੈਮਿਲੀ ਪਲਾਨਿੰਗ-2020 ਵਲੋਂ ਜਾਰੀ ਰਿਪੋਰਟ 'ਚ ਪਿਛਲੇ ਅੱਠ ਸਾਲਾਂ ਤੋਂ ਪਰਿਵਾਰ ਨਿਯੋਜਨ ਦੇ ਖੇਤਰ 'ਚ ਹੋਈ ਤਰੱਕੀ ਦਾ ਲੇਖਾ-ਜੋਖਾ ਹੈ। ਇਹ ਸੰਸਥਾ ਔਰਤਾਂ ਦੇ ਜਣੇਪਾ ਅਧਿਕਾਰ ਲਈ ਕੰਮ ਕਰਦੀ ਹੈ।

ਮੰਗਲਵਾਰ ਨੂੰ ਜਾਰੀ ਇਸ ਰਿਪੋਰਟ ਮੁਤਾਬਕ ਘੱਟ ਆਮਦਨ ਵਾਲੇ 13 ਦੇਸ਼ਾਂ 'ਚ 2012 ਤੋਂ ਆਧੁਨਿਕ ਗਰਭ ਰੋਕੂ ਸਾਧਨਾਂ ਦੀ ਵਰਤੋਂ ਦੁਗਣੀ ਵਧੀ ਹੈ। ਇਨ੍ਹਾਂ ਤਰੀਕਿਆਂ ਕਾਰਨ ਇਨ੍ਹਾਂ ਦੇਸ਼ਾਂ 'ਚ ਪਿਛਲੇ ਸਾਲ 12.1 ਕਰੋੜ ਬਿਨਾਂ ਇੱਛਾ ਗਰਭ ਧਾਰਨ, ਦੋ ਕਰੋੜ 10 ਲੱਖ ਅਸੁਰੱਖਿਅਤ ਗਰਭਪਾਤ ਤੇ ਸਵਾ ਲੱਖ ਤੋਂ ਜ਼ਿਆਦਾ ਗਰਭਵਤੀ ਔਰਤਾਂ ਦੀ ਮੌਤ ਨੂੰ ਟਾਲ਼ਿਆ ਗਿਆ। ਇਕੱਲੇ ਭਾਰਤ 5.45 ਕਰੋੜ ਬਿਨਾਂ ਇੱਛਾ ਗਰਭਧਾਰਨ, 18 ਲੱਖ ਗਰਭਪਾਤ 23 ਹਜ਼ਾਰ ਜਣੇਪੇ ਦੌਰਾਨ ਔਰਤਾਂ ਦੀ ਮੌਤ ਨੂੰ ਟਾਲ਼ਿਆ ਗਿਆ।

2017 'ਚ ਭਾਰਤ ਨੇ ਪਰਿਵਾਰ ਨਿਯੋਜਨ ਦੇ ਸੰਦਰਭ 'ਚ 2020 ਤਕ ਤਿੰਨ ਅਰਬ ਡਾਲਰ ਖਰਚ ਕਰਨ ਤੇ ਵਿਆਹੁਤਾ ਅੌਰਤਾਂ ਲਈ ਆਧੁਨਿਕ ਗਰਭ ਰੋਕੂ ਤਰੀਕਿਆਂ ਦੀ ਉਪਲਬੱਧਤਾ 53.1 ਫੀਸਦੀ ਤੋਂ ਵਧਾ ਕੇ 54.3 ਫੀਸਦੀ ਰਹਿਣ ਦਾ ਟੀਚਾ ਤੈਅ ਕੀਤਾ ਸੀ। ਭਾਰਤ ਨੇ ਇਸ ਮਿਆਦ 'ਚ ਦੋਵੇਂ ਟੀਚੇ ਬਖੂਬੀ ਹਾਸਲ ਕੀਤੇ। ਆਧੁਨਿਕ ਗਰਭ ਰੋਕੂ ਤਰੀਕੇ ਇਸਤੇਮਾਲ ਕਰਨ ਵਾਲੀਆਂ 74 ਫੀਸਦੀ ਔਰਤਾਂ ਆਪਣੇ ਢੰਗ ਤਰੀਕਿਆਂ ਤੋਂ ਸੰਤੁਸ਼ਟ ਰਹੀਆਂ।

ਰਿਪੋਰਟ 'ਚ ਕਿਹਾ ਗਿਆ ਕਿ ਭਾਰਤ ਪਰਿਵਾਰ ਨਿਯੋਜਨ ਦੀ ਮੱਦ 'ਚ ਮੋਟਾ ਖ਼ਰਚਾ ਕਰਨ ਵਾਲੇ ਕੁਝ ਖਾਸ ਦੇਸ਼ਾਂ 'ਚੋੋਂ ਇਕ ਹੈ। 54 ਦੇਸ਼ਾਂ ਤੋਂ ਮਿਲੇ ਅੰਕੜਿਆਂ ਮੁਤਾਬਕ ਪਰਿਵਾਰ ਨਿਯੋਜਨ 'ਤੇ ਇਸ ਸਾਲ ਹੁਣ ਤਕ 1.6 ਅਰਬ ਡਾਲਰ ਦਾ ਖਰਚ ਹੋ ਚੁੱਕਾ ਹੈ। ਇਸ 'ਚ ਵੀ ਜ਼ਿਆਦਾਤਰ ਪੈਸੇ ਪੰਜ ਦੇਸ਼ਾਂ ਭਾਰਤ, ਪਾਕਿਸਤਾਨ, ਇੰਡੋਨੇਸ਼ੀਆ, ਬੰਗਲਾਦੇਸ਼ ਤੇ ਫਿਲਪੀਨ 'ਚ ਖਰਚ ਹੋਏ ਹਨ।

ਫੈਮਿਲੀ ਪਲਾਨਿੰਗ-2020 ਦੀ ਇਸ ਰਿਪੋਰਟ ਮੁਤਾਬਕ ਘੱਟ ਆਮਦਨ ਵਾਲੇ 69 ਦੇਸ਼ਾਂ 'ਚ ਅੌਰਤਾਂ ਤੇ ਲੜਕੀਆਂ ਦੀ ਪਰਿਵਾਰ ਨਿਯੋਜਨ ਦੇ ਉਪਾਵਾਂ ਤਕ ਪਹੁੰਚ ਹੈ। ਇਸ ਮੌਕੇ 'ਤੇ ਸਿਹਤ ਮੰਤਰੀ ਹਰਸ਼ਵਰਧਨ ਸਿੰਘ ਨੇ ਇਸ ਪ੍ਰਰਾਜੈਕਟ 'ਚ ਭਾਈਵਾਲੀ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਭਾਰਤ ਨੇ ਫੈਮਿਲੀ ਪਲਾਨਿੰਗ 2020 'ਚ ਸ਼ਾਮਲ ਹੋਣ ਨੂੰ ਹਮੇਸ਼ਾ ਬਹੁਤ ਅਹਿਮੀਅਤ ਦਿੱਤੀ ਹੈ।