ਜੇਐੱਨਐੱਨ, ਬਹਿਰਾਈਚ : ਬਹਿਰਾਈਚ ਦੇ ਰੂਪਈਡੀਹਾ ਬਾਰਡਰ ਤੋਂ ਪਾਰ ਕਰਵਾਏ ਗਏ ਨੇਪਾਲੀ ਪਰਵਾਸੀਆਂ ਨਾਲ ਭਰੀ ਬੱਸ ਦੀ ਨੇਪਾਲਗੰਜ-ਕਾਠਮਾਂਡੂ ਹਾਈਵੇਅ 'ਤੇ ਐਤਵਾਰ ਦੇਰ ਰਾਤ ਨੂੰ ਟਰੱਕ ਨਾਲ ਟੱਕਰ ਹੋ ਗਈ। ਇਸ 'ਚ ਸਵਾਰ 12 ਪਰਵਾਸੀਆਂ ਦੀ ਮੌਕੇ 'ਤੇ ਮੌਤ ਹੋ ਗਈ। ਹਾਦਸੇ 'ਚ ਜ਼ਖ਼ਮੀ 22 ਲੋਕਾਂ ਨੂੰ ਸਥਾਨਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪੰਜ ਦੀ ਹਾਲਤ ਗੰਭੀਰ ਬਣੀ ਹੈ।

ਰੁਜ਼ਗਾਰ ਦੇ ਸਿਲਸਿਲੇ 'ਚ ਜ਼ਿਆਦਾਤਰ ਨੇਪਾਲੀ ਨਾਗਰਿਕ ਭਾਰਤ ਦਾ ਰੁਖ਼ ਕਰਦੇ ਹਨ। ਦੇਸ਼ ਵਿਆਪੀ ਲਾਕਡਾਊਨ ਲਾਗੂ ਹੋਣ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਰਹਿ ਰਹੇ ਨੇਪਾਲੀ ਨਾਗਰਿਕ ਜਿਵੇਂ-ਕਿਵੇਂ ਰੂਪਈਡੀਹਾ ਬਾਰਡਰ ਦੇ ਰਸਤਿਓਂ ਆਪਣੇ ਦੇਸ਼ ਪਰਤ ਰਹੇ ਹਨ। ਨੇਪਾਲ ਦੇ ਸਲਿਆਨ ਜ਼ਿਲ੍ਹੇ ਦੇ ਰਹਿਣ ਵਾਲੇ 32 ਪਰਵਾਸੀ ਮੁੰਬਈ, ਦਿੱਲੀ ਸਮੇਤ ਕਈ ਸੂਬਿਆਂ ਤੋਂ ਕਈ ਦਿਨ ਪਹਿਲਾਂ ਰੂਪਈਡੀਹਾ ਬਾਰਡਰ 'ਤੇ ਪੁੱਜੇ ਸਨ। ਦੋਵੇਂ ਦੇਸ਼ਾਂ ਵਿਚਾਲੇ ਗੱਲਬਾਤ ਹੋਣ ਤੋਂ ਬਾਅਦ ਇਨ੍ਹਾਂ ਪਰਵਾਸੀਆਂ ਨੂੰ ਐਤਵਾਰ ਰਾਤ ਕਰੀਬ 9 ਵਜੇ ਰੂਪਈਡੀਹਾ ਬਾਰਡਰ ਰਾਹੀਂ ਨੇਪਾਲ ਹਵਾਲੇ ਕੀਤਾ ਸੀ। ਇਥੋਂ ਉਨ੍ਹਾਂ ਨੂੰ ਨੇਪਾਲੀ ਮਿੰਨੀ ਬੱਸ ਰਾਹੀਂ ਪਹੁੰਚ ਸਥਾਨ ਵੱਲ ਰਵਾਨਾ ਕੀਤਾ ਗਿਆ। ਨੇਪਾਲ ਦੇ ਅਧਿਕਾਰੀਆਂ ਮੁਤਾਬਕ ਦੇਰ ਰਾਤ ਸ਼ਮਸ਼ੇਰਗੰਜ ਨੇੜੇ ਮਿੰਨੀ ਬੱਸ ਤੇ ਟਰੱਕ 'ਚ ਆਹਮੋ-ਸਾਹਮਣੇ ਜ਼ੋਰਦਾਰ ਟੱਕਰ ਹੋ ਗਈ।