ਏਜੰਸੀ, ਨਵੀਂ ਦਿੱਲੀ : ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਅਤੇ ਸਰਕਾਰ ਵਿਚਕਾਰ ਅੱਜ 11ਵੇਂ ਗੇੜ ਦੀ ਗੱਲਬਾਤ ਵੀ ਬੇਨਤੀਜਾ ਰਹੀ। ਸਰਕਾਰ ਨੇ ਕਿਸਾਨਾਂ ਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਇਸ ਤੋਂ ਜ਼ਿਆਦਾ ਅਸੀਂ ਕੁਝ ਨਹੀਂ ਕਰ ਸਕਦੇ। ਅੱਜ ਦੀ ਬੈਠਕ ’ਚ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਹੁਣ ਤਕ ਅਸੀਂ ਜੋ ਪ੍ਰਸਤਾਵ ਦਿੱਤੇ, ਉਹ ਤੁਹਾਡੇ ਹਿੱਤ ਲਈ ਹਨ। ਇਸ ਤੋਂ ਬਿਹਤਰ ਅਸੀਂ ਕੁਝ ਨਹੀਂ ਕਰ ਸਕਦੇ। ਜੇਕਰ ਤੁਹਾਡਾ ਵਿਚਾਰ ਬਣੇ ਤਾਂ ਇਕ ਵਾਰ ਸੋਚ ਲਓ। ਇਸ ਦੇ ਨਾਲ ਹੀ ਖੇਤੀ ਮੰਤਰੀ ਨੇ ਕਿਹਾ ਕਿ ਅਸੀਂ ਫਿਰ ਮਿਲਾਂਗੇ, ਪਰ ਅਜੇ ਅਗਲੀ ਕੋਈ ਤਾਰੀਕ ਤੈਅ ਨਹੀਂ ਕੀਤੀ ਗਈ।

ਉੱਥੇ, ਸਮਾਚਾਰ ਏਜੰਸੀ ਪੀਟੀਆਈ ਅਨੁਸਾਰ, ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨ ਯੂਨੀਅਨਾਂ ਨੂੰ ਸ਼ਨਿਚਰਵਾਰ ਤਕ ਆਪਣਾ ਪ੍ਰਸਤਾਵ ਪੇਸ਼ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਮੰਤਰੀ ਨੇ ਕਿਹਾ ਕਿ ਜੇਕਰ ਉਹ ਸਹਿਮਤ ਹਨ, ਤਾਂ ਅਸੀਂ ਫਿਰ ਮਿਲਾਂਗੇ।

ਬੈਠਕ ’ਚੋਂ ਬਾਹਰ ਨਿਕਲਦੇ ਹੋਏ ਭਾਕਿਯੂ ¬ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਅੱਜ 11ਵੇਂ ਗੇੜ ਦੀ ਬੈਠਕ ਖਤਮ ਹੋ ਗਈ ਅਤੇ ਅਗਲੀ ਬੈਠਕ ਦੀ ਕੋਈ ਤਾਰੀਕ ਸਰਕਾਰ ਵੱਲੋਂ ਤੈਅ ਨਹੀਂ ਕੀਤੀ ਗਈ।

ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਪਿਛਲੇ 58 ਦਿਨਾਂ ਤੋਂ ਦਿੱਲੀ ਦੇ ਬਾਰਡਰਾਂ ’ਤੇ ਧਰਨੇ ’ਤੇ ਬੈਠੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਕੇਂਦਰ ਸਰਕਾਰ ਦੀ 11ਵੇਂ ਗੇੜ ਦੀ ਗੱਲਬਾਤ ਸ਼ੁੱਕਰਵਾਰ ਨੂੰ ਵਿਗਿਆਨ ਭਵਨ 'ਚ 12.50 ਵਜੇ ਸ਼ੁਰੂ ਹੋਈ। ਤਲਖ਼ੀ ਨਾਲ ਸ਼ੁਰੂ ਹੋਣ ਕਾਰਨ 20 ਮਿੰਟਾਂ ਬਾਅਦ ਹੀ ਮੀਟਿੰਗ ਨੂੰ ਬ੍ਰੇਕ ਲੱਗ ਗਈ ਜੋ ਲਗਪਗ ਢਾਈ ਘੰਟੇ ਤੋਂ ਹਾਲੇ ਤਕ ਜਾਰੀ ਹੈ। ਇਹ ਅੱਜ ਤਕ ਦੀਆਂ ਮੀਟਿੰਗਾਂ 'ਚ ਸਭ ਤੋਂ ਵੱਧ ਸਮੇਂ ਦੀ ਬ੍ਰੇਕ ਹੈ। ਕੇਂਦਰੀ ਮੰਤਰੀ ਨਰੇਂਦਰ ਤੋਮਰ ਕਿਸਾਨਾਂ ਨੂੰ ਇਹ ਅਪੀਲ ਕਰਦੇ ਹੋਏ ਅਚਾਨਕ ਉੱਠ ਗਏ ਕਿ ਉਹ ਕਾਨੂੰਨ ਰੱਦ ਕਰਵਾਉਣ ਦੀ ਮੰਗ 'ਤੇ ਮੁੜ ਵਿਚਾਰਕ ਰਨ। ਮੀਟਿੰਗ 'ਚ ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ (Union Agriculture Minister Narendra Singh Tomar), ਕੇਂਦਰੀ ਮੰਤਰੀ ਪਿਯੂਸ਼ ਗੋਇਲ (Union Minister Piyush Goyal), ਕਿਸਾਨ ਆਗੂ ਤੇ ਉਨ੍ਹਾਂ ਦੇ ਨੁਮਾਇੰਦੇ ਸ਼ਾਮਲ ਹੋਏ।

26 ਜਨਵਰੀ ਨੂੰ ਹੋਣ ਵਾਲੀ ਟਰੈਕਟਰ ਰੈਲੀ ’ਤੇ ਆਲ ਇੰਡੀਆ ਕਿਸਾਨ ਸਭਾ ਦੇ ਮੁੱਖ ਸਕੱਤਰ ਹਨਾਨ ਮੋਲਾਹ ਨੇ ਕਿਹਾ,‘ਆਊਟਰ ਰਿੰਗ ਰੋਡ ’ਤੇ ਕਿਸਾਨਾਂ ਦਾ ਆਉਣਾ ਸ਼ੁਰੂ ਹੋ ਗਿਆ ਹੈ ਅਤੇ ਉਹ ਆਉਣਗੇ। ਅਸੀਂ ਇਸ ਪ੍ਰੋਗਰਾਮ ਨੂੰ ਬਦਲ ਨਹੀਂ ਸਕਦੇ। ਰੈਲੀ ਤਾਂ ਹੋ ਕੇ ਰਹੇਗੀ।’ ਉਨ੍ਹਾਂ ਕਿਹਾ,‘ਸਰਕਾਰ ਦਾ ਰਵੱਈਆ ਥੋਡ਼ਾ ਹੋਰ ਪਾਜ਼ੇਟਿਵ ਹੁੰਦਾ ਤਾਂ ਬਿਹਤਰ ਸੀ। ਸਰਕਾਰ ਨੇ ਜੋ ਪ੍ਰਸਤਾਵ ਦਿੱਤਾ ਸੀ ਉਸ ਵਿਚ ਪੁਰਾਣੇ ਪ੍ਰਸਤਾਵ ਤੋਂ ਥੋਡ਼ਾ ਫਰਕ ਸੀ, ਇਸ ਲਈ ਉਹ ਪ੍ਰਸਤਾਵ ਅਸੀਂ ਆਮ ਸਭਾ ਵਿਚ ਲਿਆਏ ਸੀ। ਚਰਚਾ ਤੋਂ ਬਾਅਦ ਉਸ ਪ੍ਰਸਤਾਵ ਨੂੰ ਲੋਕਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ।’

ਕਿਸਾਨ ਮਜ਼ਦੂੁਰ ਸੰਘਰਸ਼ ਕਮੇਟੀ ਦੇ ਮੁੱਖ ਸਕੱਤਰ ਐਸਐਸ ਪੰਧੇਰ ਨੇ ਕਿਹਾ,‘ਅੱਜ ਦੀ ਮੀਟਿੰਗ ਵਿਚ ਅਸੀਂ ਸਰਕਾਰ ਨੂੰ ਪ੍ਰਸਤਾਵ ਠੁਕਰਾਉਣ ’ਤੇ ਆਪਣੀ ਦਲੀਲ ਨਾਲ ਜਵਾਬ ਦੇਵਾਂਗੇ। ਅੱਜ ਦੀ ਚਰਚਾ ਸਾਡੀਆਂ ਮੰਗਾਂ ’ਤੇ ਕੇਂਦ੍ਰਿਤ ਹੋਵੇਗੀ। ਅਸੀਂ ਐਮਐਸਪੀ ’ਤੇ ਚਰਚਾ ਦੇ ਨਾਲ ਨਾਲ ਤਿੰਨੋਂ ਕਾਨੂੰਨਾਂ ਨੂੰ ਰੱਦ ਕਰਨ ਦੀ ਅਪੀਲ ਕਰਾਂਗੇ।’ ਉਨ੍ਹਾਂ ਕਿਹਾ,‘ਸਰਕਾਰ ਦੀ ਨੀਤੀ ਜ਼ਹਿਰ ਨੂੰ ਮਿੱਠੇ ਵਿਚ ਲੁਕਾ ਕੇ ਸਾਨੂੰ ਜਾਲ ਵਿਚ ਫਸਾਉਣ ਦੀ ਸੀ। ਉਹ ਕਿਸੇ ਵੀ ਤਰ੍ਹਾਂ ਪ੍ਰਦਰਸ਼ਨ ਨੂੰ ਰੋਕਣਾ ਚਾਹੁੰਦੀ ਹੈ। ਸਾਡੀ ਮੀਟਿੰਗ ਵਿਚ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਕਿ ਅਸੀਂ ਉਨ੍ਹਾਂ ਦੇ ਪ੍ਰਸਤਾਵਾਂ ਨੂੰ ਨਹੀਂ ਮੰਨਾਗੇ।’

ਹੁਣ ਤਕ ਦੇ 10 ਗੇੜਾਂ ਦੀ ਮੀਟਿੰਗ ਵਿਚ ਕੋਈ ਨਤੀਜਾ ਨਹੀਂ ਨਿਕਲਿਆ। 10ਵੇਂ ਗੇੜ ਦੀ ਗੱਲਬਾਤ ਵਿਚ ਕੇਂਦਰ ਸਰਕਾਰ ਨੇ ਇਨ੍ਹਾਂ ਕਾਨੂੰਨਾਂ ਨੂੰ ਡੇਢ ਸਾਲ ਤਕ ਰੋਕਣ ਦਾ ਪ੍ਰਸਤਾਵ ਰੱਖਿਆ ਸੀ। ਜਿਸ ਨੂੰ ਵੀਰਵਾਰ ਨੂੰ ਕਿਸਾਨਾਂ ਨੇ ਖਾਰਜ ਕਰ ਦਿੱਤਾ। 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿਚ 17 ਨੇ ਇਸ ਦੇ ਖਿਲਾਫ਼ ਅਤੇ 15 ਨੇ ਇਸ ਦੇ ਸਮਰਥਨ ਵਿਚ ਵੋਟ ਦਿੱਤਾ। ਹੁਣ ਸਾਰਿਆਂ ਦੀ ਨਜ਼ਰਾਂ ਅੱਜ ਹੋਣ ਵਾਲੀ ਮੀਟਿੰਗ ’ਤੇ ਟਿਕੀਆਂ ਹਨ। ਦੂੁਜੇ ਪਾਸੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨਾਂ ਵੱਲੋਂ ਟਰੈਕਟਰ ਰੈਲੀ ਕੱਢਣ ਦਾ ਫੈਸਲਾ ਕੀਤਾ ਹੋਇਆ ਹੈ। ਇਸ ਬਾਰੇ ਵੀ ਵੀਰਵਾਰ ਨੂੰ ਪੁਲਿਸ ਅਤੇ ਕਿਸਾਨਾਂ ਵਿਚ ਦੂਜੇ ਦੌਰ ਦੀ ਗੱਲਬਾਤ ਬੇਸਿੱਟਾ ਰਹੀ। ਆਪਣੀਆਂ ਮੰਗਾਂ ਦੇ ਸਮਰਥਨ ਵਿਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਪੁਲਿਸ ਤੋਂ ਰਿੰਗ ਰੋਡ ’ਤੇ ਟਰੈਕਟਰ ਰੈਲੀ ਕੱਢਣ ਦੀ ਇਜਾਜ਼ਤ ਮੰਗੀ ਹੈ, ਜਿਸ ਨੂੰ ਗਣਤੰਤਰ ਦਿਵਸ ਦੀ ਸੁਰੱਖਿਆ ਅਤੇ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਪੁਲਿਸ ਅਧਿਕਾਰੀਆਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।

Posted By: Tejinder Thind